ਸੁਪਨੇ ਵਿਚ ਗਈ ਮੈ ਸਾਹਿਬ ਦੇ ਦਰਬਾਰ,
ਮੇਰੇ ਇਸ ਸਾਹਿਬ ਦੀ ਤਾਰੀਫ਼ ਹੈ ਬੇਸ਼ੁਮਾਰ।
ਦਰਾਂ ਵਿਚ ਮੈ ਜਾ ਸਿਰ ਝੁਕਾਇਆ,
ਸੰਗਤ ਦੀ ਧੂੜੀ ਨੂੰ ਮੱਥੇ ਨਾਲ ਲਾਇਆ।
ਵਿਹੜੇ ਵਿਚ ਲੋਕਾਂ ਦਾ ਵੱਡਾ ਦੇਖਿਆ ਇਕੱਠ,
ਕੋਈ ਗੜ-ਬੜ ਹੈ ਇੱਥੇ ਸਮਝ ਗਈ ਮੈ ਝੱਟ।
ਅੰਦਰ ਗਈ ਦੇਖਾਂ ਸੁੰਨ੍ਹਾ ਸੀ ਸਾਹਿਬ ਦਾ ਆਸਨ,
ਇਧਰ-ਉਧਰ ਲੱਭਦੀ ਦਰਸ਼ਨਾ ਲਈ ਤੜਫੀ ਦਾਸਨ।
ਸਾਹਿਬ ਦੇ ਥਾਂ ਸੀ ਇਕ ਪਾਖੰਡੀ ਸਾਧ ਬੈਠਾਇਆ,
ਜਿਸ ਨੂੰ ਦੇਖ ਮੈਨੂੰ ਬਹੁਤ ਭਾਰਾ ਗੁੱਸਾ ਆਇਆ।
ਕਿੱਥੇ ਨੇ ਮੇਰੇ ਹਾਜ਼ਰਾ ਹਜ਼ੂਰ ਸਾਹਿਬ ਮੈ ਸਵਾਲ ਜਦੋਂ ਪਾਇਆ,
ਇਕ ਬੀਬੀ ਬੋਲੀ ਮੱਥਾ ਟੇਕ ਸਾਧ ਨੂੰ ਇਹ ਨਹੀ ਪਰਾਇਆ।
ਮੱਥਾ ਤਾਂ ਇਸ ਨੂੰ ਮਰ ਕੇ ਵੀ ਨਾ ਟੇਕਾਂ,
ਅੰਨੀ –ਬੋਲੀ ਹੋ ਜਾਵਾਂ ਜੇ ਇਸ ਵੱਲ ਦੇਖਾਂ।
ਲੱਭਦੀ-ਟੋਲਦੀ ਫਿਰ ਵਿਹੜੇ ਵੱਲ ਆਈ,
ਇਕ ਖੂੰਜੇ ਵਿਚ ਸਾਹਿਬ ਦੀ ਦਿਸੀ ਪਰਛਾਂਈ।
ਦੌੜੀ ਦੌੜੀ ਗਈ ਮੈ ਸਾਹਿਬ ਦੇ ਕੋਲ,
ਮਨ ਇੰਨਾ ਭਰਿਆ ਸਕੀ ਨਾ ਕੁੱਝ ਬੋਲ।
ਬਿਨ-ਬਸਤਰ ਸਾਹਿਬ ਨੂੰ ਸੀ ਮੰਜ਼ੀ ਤੇ ਬੈਠਾਇਆ,
ਜੱਗਦੀ ਜੋਤ ਵੱਲ ਦੇਖ ਮੇਰਾ ਰੋਮ ਰੋਮ ਕੁਰਲਾਇਆ।
ਮੇਰੇ ਅੰਦਰ ਰੋਹ ਦਾ ਇਕ ਤੂਫਾਨ ਆ ਗਿਆ,
ਰੋ ਰੋ,ਬੋਲ ਬੋਲ ਲੋਕਾਂ ਵਿਚ ਹਾਹਾਕਾਰ ਮਚਾ ਗਿਆ।
ਬੁੱਧੀ ਵਾਲੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ,
ਸਾਹਿਬ ਦੀ ਸ਼ੱਕਤੀ ਉਹਨਾ ਵਿਚ ਆਪ ਛਾ ਗਈ।
ਸਾਹਿਬ ਤੋਂ ਉਹਨਾਂ ਭੁੱਲਾਂ ਲਈਆਂ ਬਖਸ਼ਾਂ,
ਗੁਰੂ ਜੀ ਨੂੰ ਦਿੱਤਾ ਫਿਰ ਸਿੰਘਾਸਣ ਤੇ ਬੈਠਾ।
ਸਾਧ ਨੂੰ ਖਰੀਆ ਖਰੀਆ ਸੁਣਾ ਦਿੱਤਾ ਉਥੌਂ ਦੁੜਾ,
ਗੁਰੂ ਦੀ ਸੰਗਤ ਨੇ ਪੱਟ ਦਿੱਤੀਆਂ ਉਸ ਦੀਆਂ ਜੜਾਂ।
ਸਾਹਿਬ ਨੂੰ ਸਿਰ ਝੁਕਾਂਦਿਆ ਬੇਨਤੀ ਕੀਤੀ ਰੱਬ ਪਾਸ,
ਜਾਗਦਿਆਂ ਇਹ ਮੈ ਸਭ ਨਾ ਦੇਖਾਂ ਇਹ ਮੇਰੀ ਅਰਦਾਸ।
ਸੁਪਨੇ
{ਚਰਨਜੀਤ ਸਿੰਘ ਪੰਨੂ॥
ਸੁਪਨੇ ਸਿਰਜੋ ਸੁਪਨੇ ਵੱਢੋ, ਬਿਨ ਸੁਪਨੇ ਨਹੀਂ ਸਰਦਾ।
ਘੁੰਗਟ ਹਟਾਓ, ਸੁਪਨੇ ਹੰਢਾਓ, ਕਰ ਦਿਓ ਬੇ-ਪਰਦਾ।
ਸੰਘਰਸ਼ ਹੈ ਇਕ ਮਾਡਲ ਸੁਪਨਾ, ਕਿਰਤ ਅੱਗੇ ਝਰਦਾ।
ਸੁਪਨ ਹਕੀਕਤ ਉਦਮ ਸਾਹਵੇਂ, ਮੁਕੱਦਰ ਪਾਣੀ ਭਰਦਾ।
ਸੁਪਨੇ ਲੁੱਟਣ ਖਾਤਰ ਬੰਦਾ, ਅੰਤਿਮ ਦਮ ਤੱਕ ਲਰਦਾ।
ਚੜ੍ਹਦੀ ਕਲਾ ‘ਚ ਚੜ੍ਹਦੇ ਜਾਣਾ, ਬੁਲੰਦ ਨਾਹਰਾ ਨਰਦਾ।
ਉਮੰਗਾਂ ਦਾ ਸਾਖੀ ਦਰਪਣ, ਭਵਿੱਖਬਾਣੀ ਸੁਪਨਾ ਕਰਦਾ।
ਜੀਵਨ ਦੇ ਅਦਿੱਖ ਦਿਸਹੱਦੇ, ਤੁਹਾਡੇ ਅਰਪਣ ਧਰਦਾ।
ਖੰਭਾਂ ਤੋਂ ਬਿਨ ਅਸਮਾਨੀਂ ਉੱਡਦਾ, ਸੁਪਨਾ ਸਾਗਰ ਤਰਦਾ।
ਪੁਖਤਾ ਸੁਪਨੇ ਤੋੜ ਨਿਭਾਉਂਦੇ, ਕੱਚਾ ਰਾਹ ਵਿੱਚ ਖਰਦਾ।
ਸੁਪਨੇ ਬਾਝੋਂ ਮਾਨਵ ਰੁਲ਼ ਰਹਿੰਦਾ, ਨਾ ਘਾਟ ਨਾ ਘਰ ਦਾ।
ਸੁਪਨ-ਹੀਣ ਨਖਿੱਧ ਵਿਅਕਤੀ, ਦੁਰਬਲ ਆਲਸ ਚਰਦਾ।
ਸੁਪਨਾ ਸਿਰੜ ਪੁਗਾਉਣ ਖਾਤਰ, ਪਰਾਣ ਤਲੀ ਤੇ ਧਰਦਾ।
ਅਰਸ਼ੋਂ ਤਾਰੇ ਤੋੜ ਲਿਆਵੇ, ਅੰਜਾਮ ਤੋਂ ਕਦੇ ਨਾ ਡਰਦਾ।
ਆਦ੍ਰਸ਼ਿਕ ਸੁਪਨਾ ਸੜਦਾ ਭੁੱਜਦਾ, ਮਾਰੂਥਲ ਵਿਚ ਠਰਦਾ।
ਤਿਆਗ ਤਪੱਸਿਆ ਕੁਰਬਾਨੀ ਮੰਗੇ, ਕੱਚੇ ਘੜੇ ਤੇ ਤਰਦਾ।
ਭਾਵਨਾਵਾਂ ਦਾ ਸਾਖ਼ੀ ਸੁਪਨਾ, ਮੰਜ਼ਿਲੋਂ ਪਹਿਲਾਂ ਨਾ ਮਰਦਾ।
ਖੱਟੇ ਹੋਣ ਅੰਗੂਰ ਬੇਸ਼ਕ, ਥੂਹ ਕੌੜੀ ਨਹੀਂ ਸੁਪਨਾ ਕਰਦਾ।
ਜੀਵਨ ਮਾਡਲ਼ ਦਾ ਨਾਂ ਸੁਪਨਾ, ਤੱਤੀਆਂ ਠੰਢੀਆਂ ਜਰਦਾ।
ਸੁਪਨੇ ਟੁੱਟਦੇ ਜੀਵਨ ਮੁੱਕਦਾ, ਸੁਪਨੇ ਬਾਝੋਂ ਪੰਨੂ ਹਰਦਾ।