ਸਮਾਜਕ ਰਿਸਤਿਆਂ ਦੀ ਮੌਤ ਤੇ ਉਸਰਦਾ ਸਮਾਜ

ਗੁਰਚਰਨ ਸਿੰਘ ਪੱਖੋਕਲਾਂ

ਆਧੁਨਿਕਤਾ ਦੇ ਦੌਰ ਵਿੱਚ ਆਰਥਿਕਤਾ ਦੇ ਅਧਾਰ ਤੇ ਮਨੁੱਖੀ ਵਿਕਾਸ ਹੋਣ ਕਾਰਨ ਸਮਾਜਿਕ ਰਿਸਤੇ ਮਰਦੇ ਤੁਰੇ ਜਾ ਰਹੇ ਹਨ। ਮਨੁੱਖ ਜਿਉਂ ਜਿਉਂ ਵਿਕਾਸ ਅਤੇ ਵਿਗਿਆਨ ਦੇ ਘੋੜੇ ਤੇ ਸਵਾਰ ਹੋਇਆ ਅੱਗੇ ਵਧ ਰਿਹਾ ਹੈ ਅਤੇ ਇਸਦੀ ਚਾਲ ਵੀ ਬਹੁਤ ਤੇਜ ਹੋ ਜਾਣ ਕਾਰਨ ਉਸਨੂੰ ਆਪਣੀ ਤੇਜ ਗਤੀ ਕਾਰਨ ਪਤਾ ਹੀ ਨਹੀਂ ਚੱਲ ਰਿਹਾ ਕਿ ਉਸਦੇ ਪੈਰਾਂ ਥੱਲੇ ਕੀ ਕੀ ਦਰੜਿਆ ਜਾ ਰਿਹਾ ਹੈ। ਅੱਜ ਹਰ ਮਨੁੱਖ ਦੁਨੀਆਂ ਦਾ ਸਿਕੰਦਰ ਬਣ ਚੁੱਕਿਆ ਹੈ ਅਤੇ ਸੰਸਾਰ ਦੀਆਂ ਸਭ ਵਸਤੂਆਂ ਨੂੰ ਆਪਣੇ ਘਰ ਦਾ ਸਿੰਗਾਰ ਬਣਾਉਣਾਂ ਲੋੜਦਾ ਹੈ ਪਰ ਵਸਤੂਆਂ ਨੂੰ ਇਕੱਠੇ ਕਰਨ ਦੀ ਦੌੜ ਵਿੱਚ ਰਿਸਤਿਆਂ ਨੂੰ ਮਨਫੀ ਕਰੀ ਜਾ ਰਿਹਾ ਹੈ। ਮਨੁੱਖ ਹਰ ਰਿਸਤੇ ਵਸਤੂ ਨੂੰ ਪੈਸੇ ਦੇ ਅਧਾਰ ਤੇ ਮਾਪਣ ਲੱਗਿਆਂ ਹੈ ਅਤੇ ਪੈਸੇ ਦੇ ਅਧਾਰ ਤੇ ਰਿਸਤੇ ਵੀ ਉਹ ਉਹਨਾਂ ਥਾਵਾਂ ਅਤੇ ਮਨੁੱਖਾਂ ਨਾਲ ਜੋੜਨਾਂ ਲੋਚਦਾ ਹੈ ਜਿਸਤੋਂ ਉਸਨੂੰ ਕੁੱਝ ਘਾਟਾ ਨਾਂ ਪਵੇ ਸਗੋਂ ਕੁੱਝ ਨਾਂ ਕੁੱਝ ਹਾਸਲ ਹੁੰਦਾਂ ਹੋਵੇ । ਸਮਾਜਿਕ ਰਿਸਤੇ ਕੁਰਬਾਨੀ ਅਤੇ ਪਿਆਰ ਦੇ ਨਾਲ ਜੁੜੇ ਹੁੰਦੇ ਹਨ ਜਿਸ ਵਿੱਚ ਸਮਾਂ ਅਤੇ ਪੈਸੇ ਦਾ ਕੋਈ ਦਖਲ ਨਹੀਂ ਹੁੰਦਾਂ ਪਰ ਵਰਤਮਾਨ ਮਨੁੱਖ ਜੋ ਕਿ ਰਿਸਤਿਆਂ ਦੇ ਪਿਆਰ ਵਿੱਚ ਸੰਸਾਰਕ ਵਸਤੂਆਂ ਜਾਂ ਪੈਸਾ ਗੁਆਉਣਾਂ ਘਾਟਾ ਸਮਝਦਾ ਹੈ ਸੋ ਉਸ ਲਈ ਤਾਂ ਸਮਾਜਿਕ ਰਿਸਤੇ ਵੀ ਘਾਟੇ ਦਾ ਸੌਦਾ ਹੀ ਹੁੰਦੇ ਹਨ। ਜਦ ਅੱਜ ਦਾ ਮਨੁੱਖ ਸਿੱਖਿਆ ਹੀ ਮੁਨਾਫਾ ਕਮਾਉਣਾਂ ਹੈ ਤਦ ਉਹ ਘਾਟੇ ਵਾਲਾ ਸੌਦਾ ਸਮਾਜਕ ਰਿਸਤੇ ਨਿਭਾਉਣ ਵੱਲ ਸੋਚੇਗਾ ਵੀ ਕਿਉਂ । ਨਿਆਸਰਾ ਹੋ ਜਾਣ ਵਾਲਾ ਬਜੁਰਗ ਉਮਰ ਵਾਲਾ ਮਾਪਿਆਂ ਦਾ ਰਿਸਤਾ ਸਭ ਤੋਂ ਵੱਧ ਸੰਤਾਪ ਭੋਗ ਰਿਹਾ ਹੈ ਅਤੇ ਇਹਨਾਂ ਮਾਪਿਆਂ ਦਾ ਹੀ ਸਭ ਤੋਂ ਵੱਧ ਕਸੂਰ ਵੀ ਹੈ ਜਿਹਨਾਂ ਨੇ ਇਸ ਤਰਾਂ ਦੇ ਮੁਨਾਫਾ ਕਮਾਊ ਸਮਾਜਕ ਤਾਣੇ ਬਾਣੇ ਵਿੱਚ ਪੈਰ ਧਰਿਆ ਸੀ । ਜਿਹਨਾਂ ਮਾਪਿਆਂ ਨੇ ਆਪਣੇ ਧੀਆਂ ਪੁੱਤਰਾਂ ਨੂੰ ਲੋਕ ਭਲਾਈ ਅਤੇ ਸਮਾਜ ਸੇਵਾ ਸਿਖਾਉਣ ਦੀ ਥਾਂ ਪੈਸਾ ਕਮਾਊ ਬਣਾਇਆ ਅਤੇ ਉਹ ਵਿਦਿਆਂ ਦਿਵਾਈ ਹੈ ਜਿਸ ਨਾਲ  ਨੈਤਿਕਤਾ ਦੀ ਥਾਂ ਪੈਸਾ ਕਮਾਇਆ ਜਾਵੇ ਅਤੇ ਉਹਨਾਂ ਮਾਪਿਆਂ ਦੇ ਹੀ ਜਿਆਦਾਤਰ ਬੱਚੇ ਉਹਨਾਂ ਨੂੰ ਛੱਡਕੇ ਦੂਰ ਪੈਸੇ ਦੀਆਂ ਕਾਲ ਕੋਠੜੀਆਂ ਵਿੱਚ ਜਾ ਛੁਪੇ ਹਨ ।

ਸਮਾਜ ਵਿੱਚ ਰਿਸਤੇ ਸਵਾਰਥਾਂ ਦੀ ਬਲੀ ਚੜ ਰਹੇ ਹਨ । ਅੱਜ ਕੱਲ ਬਹੁਤੇ ਪੁੱਤਰ ਮਾਪਿਆਂ ਦੀ ਸੇਵਾ ਦਾ ਕੰਮ ਉਹਨਾਂ ਦੇ ਹਿੱਸੇ ਦੀ ਜਾਇਦਾਦ ਦੀ ਆਮਦਨ ਦੇ ਕਾਰਨ  ਕਰਦੇ ਹਨ। ਜਿੰਨਾਂ ਮਾਪਿਆਂ ਦੋ ਜਾਂ ਵੱਧ ਪੁੱਤਰ ਹਨ ਦੇ ਘਰ ਸਭ ਤੋਂ ਵੱਧ ਗ੍ਰਹਿ ਯੁੱਧ ਚਲਦਾ ਹੈ। ਮਾਪੇ ਜਾਇਦਾਦ ਦੀ ਵੰਡ ਵਿੱਚੋਂ ਬਰਾਬਰ ਦਾ ਹਿੱਸਾ ਰੱਖ ਲੈਂਦੇ ਹਨ ਅਤੇ ਕਿਸੇ ਇੱਕ ਪੁੱਤਰ ਨਾਲ ਰਲ ਜਾਂਦੇ ਹਨ ਅਤੇ ਦੂਸਰੇ ਪੁੱਤਰ ਨਫਰਤ ਕਰਨਾਂ ਸੁਰੂ ਕਰ ਦਿੰਦੇ ਹਨ ਕਿਉਂਕਿ ਜਿਸ ਭਰਾ ਨਾਲ ਮਾਪੇ ਜਾਇਦਾਦ ਸਮੇਤ ਰਲ ਜਾਂਦੇ ਹਨ ਉਸ ਦੀ ਆਮਦਨ ਵਧ ਜਾਂਦੀ ਹੈ। ਜੇ ਕਿਧਰੇ ਮਾਪੇ ਆਪਣੀ ਜਾਇਦਾਦ ਦੀ ਆਮਦਨ ਕਿਧਰੇ ਹੋਰ ਨੂੰ ਦੇ ਦੇਣ ਤਾਂ ਸਾਂਭਣ ਵਾਲਾ ਪੁੱਤਰ ਮਾਪਿਆਂ ਨੂੰ ਘਰੋਂ ਕੱਢਣ ਲਈ ਤਿਆਰ ਹੋ ਜਾਂਦਾਂ ਹੈ ਆਮਦਨ ਦੂਜਿਆਂ ਨੂੰ ਤੇ ਸੇਵਾ ਮੈਂ ਕਿਉਂ ਕਰਾਂ ਦਾ ਨਾਅਰਾ ਲਾ ਦਿੰਦਾਂ ਹੈ ? ਸਭ ਪੈਸੇ ਦਾ ਗੋਲਮਾਲ ਹੋ ਜਾਂਦਾਂ ਹੈ। ਮਾਪੇ ਵੀ ਕੁਮਾਪੇ ਬਣਨ ਲੱਗੇ ਹਨ ਅਤੇ ਮਾਪੇ ਕੁਮਾਪੇ ਨਹੀਂ ਹੁੰਦੇ ਦਾ ਸਿਧਾਂਤ ਵੀ ਖਤਮ ਹੋ ਚਲਿਆ ਹੈ। ਇਕਹਰੀ ਜਿੰਦਗੀ ਜਿਉਣ ਦਾ ਆਦੀ ਹੋ ਰਿਹਾ ਮਨੁੱਖ ਆਪਣੀ ਔਲਾਦ ਕੋਲ ਰੱਖਣਾਂ ਹੀ ਨਹੀਂ ਲੋਚਦਾ ਸਗੋਂ ਬਚਪਨ ਵਿੱਚ ਹੀ ਔਲਾਦ ਨੂੰ ਡੇਬੋਰਡਿੰਗ ਜਾਂ ਹੋਸਟਲਾਂ ਵਾਲੇ ਸਕੂਲਾਂ ਵਿੱਚ ਪੜਨ ਪਾਉਣ ਲੱਗ ਪਿਆ ਹੈ। ਬਹੁਤਾ ਵੱਡਾ ਕਾਰਨ ਇਸ ਵਿੱਚ ਮਾਪਿਆਂ ਦਾ ਨਿੱਜੀ ਜਿੰਦਗੀ ਨੂੰ ਬੱਚਿਆਂ ਤੋਂ ਵੀ ਦੂਰ ਅਜਾਦੀ ਦਾ ਮਹੌਲ ਸਿਰਜਣ ਦੀ ਭਾਵਨਾਂ  ਵੱਲ ਹੀ ਹੁੰਦਾਂ ਹੈ। ਅੱਜਕਲ ਦੇ ਮਾਪਿਆਂ ਦੀ ਮਮਤਾ ਅਤੇ ਮੋਹ ਸੀਮਤ ਹੋ ਗਏ ਹਨ। ਔਲਾਦ ਨੂੰ ਨੌਜਵਾਨ ਹੋ ਜਾਣ ਤੇ ਕੋਲ ਰੱਖਣ ਦੀ ਥਾਂ ਦੂਰ ਦੁਰਾਡੇ ਨੌਕਰੀਆਂ  ਤੇ ਭੇਜਦੇ ਹਨ ਜਾਂ ਪੈਸੇ ਦੀ ਹਵਸ ਪਿੱਛੇ ਵਿਦੇਸਾਂ ਦੇ ਧੱਕੇ ਖਾਣ ਲਈ ਮਜਬੂਰ ਕਰ ਦਿੰਦੇ ਹਨ ਵਰਤਮਾਨ ਦੇ ਮਾਪੇ। ਇਸ ਵਰਤਾਰੇ ਨੂੰ ਸਹੀ ਸਿੱਧ ਕਰਨ ਲਈ ਜੋ ਮਰਜੀ ਕਹੋ ਪਰ ਹੈ ਇਹ ਸਭ ਮਨੁੱਖ ਦੇ ਸਵਾਰਥੀ ਅਤੇ ਬੇਰਹਿਮ ਬਣਨ ਦੀ ਪਰਵਿਰਤੀ ਵਿੱਚੋਂ ਜਿਸ ਵਿੱਚ ਉਹ ਸਿਕੰਦਰ ਬਣਨ ਲਈ ਕੁੱਝ ਵੀ ਗਵਾਉਣ ਲਈ ਤਿਆਰ ਹੋ ਜਾਂਦਾ ਹੈ।

ਭੈਣਾਂ ਭਰਾਵਾਂ ਅਤੇ ਮਾਪਿਆਂ ਦੇ ਸਬੰਧ ਸਿਆਸਤ ਵਰਗੇ ਹੋ ਰਹੇ ਹਨ । ਸਵਾਰਥ ਲਈ ਭੈਣਾਂ ਮਾਂ ਬਾਪ ਨੂੰ ਭਰਾਵਾਂ ਨਾਲ ਲੜਾਉਣ ਤੋਂ ਗੁਰੇਜ ਨਹੀਂ ਕਰਦੀਆਂ । ਪੁੱਤਰ ਮਾਪਿਆਂ ਦੀ ਸੇਵਾ ਦਾ ਪੂਰਾ ਮੁੱਲ ਵਸੂਲਦੇ ਹਨ । ਮਾਂ ਬਾਪ ਵੀ ਹੁਣ ਮਾਪੇ ਬਣਕੇ ਨਹੀਂ ਰਹਿੰਦੇ ਜਾਇਦਾਦਾਂ ਵਿੱਚੋਂ ਬਰਾਬਰ ਦਾ ਹਿੱਸਾ ਰੱਖਕੇ ਪੁੱਤਾਂ ਦੇ ਸਰੀਕ ਬਣਕੇ ਰਹਿਣਾਂ ਲੋਚਦੇ ਹਨ। ਭਰਾ ਭਰਾਵਾਂ ਦੇ ਹੱਕ ਖਾ ਰਹੇ ਹਨ । ਸਮਾਜਕ ਰਿਸਤਿਆਂ ਦਾ ਭੋਗ ਪਾਕੇ ਅਸੀਂ ਆਪਣੀ ਜਿੰਦਗੀ ਨਰਕ ਬਣਾ ਰਹੇ ਹਾਂ। ਹੱਕ ਪਰਾਇਆ ਨਾਨਕਾਂ ਉਸ ਸੂਅਰ ਉਸ ਗਾਇ ਨੂੰ ਭੁੱਲਕੇ ਦੁਸਰਿਆਂ ਦੇ ਤਾਂ ਛੱਡੋ ਆਪਣੇ ਭੈਣ ਭਰਾਵਾਂ ਤੇ ਮਾਪਿਆਂ ਦਾ ਹੱਕ ਖਾਣ ਤੱਕ ਵਾਲੇ ਲੋਕ ਪਾਪ ਦੀ ਕਮਾਈ ਨਾਲ ਚੌਧਰੀ ਬਣੀ ਜਾ ਰਹੇ ਹਨ। ਇਸ ਤਰਾਂ ਦੇ ਲੋਕ ਜਿੱਥੇ ਮਨੁੱਖੀ ਰਿਸਤਿਆਂ ਨੂੰ ਮਲੀਆਂ ਮੇਟ ਕਰ ਰਹੇ ਹਨ ਉੱਥੇ ਧਾਰਮਿਕ ਮਹਾਪੁਰਸਾਂ ਦੇ ਉਪਦੇਸਾਂ ਦੀ ਬੇਅਦਬੀ ਕਰਨ ਦੇ ਵੀ ਦੋਸੀ ਬਣੀ ਜਾ ਰਹੇ ਹਨ । ਪੁਰਾਤਨ ਸਮਿਆਂ ਵਿੱਚ ਵਿਦਿਆ ਪਰਉਪਕਾਰ ਲਈ ਸਿਖਾਈ ਅਤੇ ਪੜਾਈ ਜਾਂਦੀ ਸੀ ਪਰ ਵਰਤਮਾਨ ਵਿੱਚ ਵਿਦਿਆ ਮਨੁੱਖ ਨੂੰ ਮਸੀਨ ਅਤੇ ਪੈਸਾ ਕਮਾਉਣ ਦਾ ਸੰਦ ਬਣਾਉਂਦੀ ਹੈ। ਵਰਤਮਾਨ ਵਿਦਿਆ ਅਤੇ ਸਮਾਜ ਦਾ ਆਚਰਣ ਬੱਚਿਆਂ ਨੂੰ ਸਵਾਰਥ ਤੋਂ ਬਿਨਾਂ ਨੈਤਿਕਤਾ ਦਾ ਪਾਠ ਪੜਾਉਣ ਤੋਂ ਅਸਮਰਥ ਹੈ ਕਿਉਂਕਿ ਵਿਦਿਆ ਸਿਖਾਉਣ ਦਾ ਕੰਮ ਵਪਾਰੀਆਂ ਦੇ ਹੱਥਾਂ ਵਿੱਚ , ਵਪਾਰੀ ਕਿਸਮ ਦੇ ਲੋਕਾਂ  ਲਈ , ਵਪਾਰੀਆਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ।

ਮਨੁੱਖ ਗੱਲਾਂ , ਭਾਸਣਾਂ ਜਾਂ ਸਿੱਖਿਆ ਨਾਲ ਨਹੀਂ ਸਿੱਖਦਾ ਹੁੰਦਾਂ ਇਹ ਤਾਂ ਉਸ ਬਾਂਦਰ ਜਾਤ ਦਾ ਪਰਾਣੀ ਹੈ ਜੋ ਦੂਸਰਿਆਂ ਨੂੰ ਜੋ ਕਰਦੇ ਦੇਖਦਾ ਹੈ ਉਸ ਤੋਂ ਜਿਆਦਾ ਕਰਕੇ ਦਿਖਾਉਂਦਾਂ ਹੈ । ਸੋ ਬਚਪਨ ਨੂੰ ਚੰਗਾਂ ਬਣਾਉਣ ਲਈ ਵੱਡਿਆਂ ਦਾ ਆਚਰਣ ਹੀ ਉਸ ਲਈ ਰਾਹ ਦਸੇਰਾ ਹੁੰਦਾਂ ਹੈ ਪਰ ਜਦ ਵੱਡੇ ਹੀ ਪੈਸੇ ਵਿੱਚ ਡੁੱਬ ਰਹੇ ਹਨ ਤਾਂ ਆਉਣ ਵਾਲੀ ਪੀੜੀ ਤਾਂ ਪੈਸਿਆਂ ਪਿੱਛੇ ਸਭ ਰਿਸਤੇ ਛੱਡਕੇ ਖੁਦਕਸੀ ਕਰਨ ਤੱਕ ਜਾ ਰਹੀ ਹੈ । ਸੋ ਵਰਤਮਾਨ ਮਨੁੱਖ ਦਾ ਜਿਹੋ ਜਿਹਾ ਆਚਰਣ ਹੋਵੇਗਾ ਆਉਣ ਵਾਲੀ ਪੀੜੀ ਉਸ ਤੋਂ ਵੀ ਅੱਗੇ ਚਲੀ ਜਾਵੇਗੀ। ਸਾਡੇ ਪੁਰਖਿਆਂ ਨੇ ਦੁੱਧ ਅਤੇ ਲੱਸੀ ਦੀ ਜਗਾਹ ਚਾਹ ਅਤੇ ਘਰ ਦੀ ਸਰਾਬ ਸੁਰੂ ਕੀਤੀ ਸੀ ਵਰਤਮਾਨ ਪੀੜੀ ਸਮੈਕ ਕੋਕੀਨ ਤੱਕ ਛਾਲ ਮਾਰ ਗਈ ਹੈ। ਇਸ ਤਰਾਂ ਹੀ ਪੁਰਾਤਨ ਲੋਕ ਮਾਪਿਆਂ ,ਭਰਾਵਾਂ ਅਤੇ ਸਕਿਆਂ ਦੇ ਨਾਲ ਇਕੱਠੇ ਰਹਿਣ ਅਤੇ ਵਰਤਣ ਦੀ ਥਾਂ ਬਰਾਬਰ ਰਹਿਣ ਲੱਗੇ ਪਰ ਵਰਤਮਾਨ ਪੀੜੀ ਇਸ ਤੋਂ ਅੱਗੇ ਬਿਲਕੁਲ ਵੱਖਰੀ ਰਹਿਣ ਲੱਗ ਪਈ ਹੈ। ਅਗਲੀ ਪੀੜੀ ਇਸ ਤੋਂ ਵੀ ਅੱਗੇ ਚਲੀ ਜਾਵੇਗੀ ਜਿਸ ਦੇ ਕੋਈ ਆਪਣੇ ਹੋਣੇ ਹੀ ਨਹੀਂ ।  ਇਸ ਤਰਾਂ ਦੇ ਸਮਾਜ ਵਿੱਚ ਮਨੁੱਖ ਸਮਾਜ ਰਿਸਤਿਆਂ ਤੋਂ ਬਿਨਾਂ ਇਕੱਲਤਾ ਦੀ ਮਹਾਂਮਾਰੀ ਵਿੱਚ ਗਰਕ ਜਾਵੇਗਾ ਜਿਸ ਵਿੱਚੋਂ ਪਸੂ ਬਿਰਤੀਆਂ ਦਾ ਜਨਮ ਲੈਣਾਂ ਲਾਜਮੀ ਹੈ।

ਸਮਾਂ ਅਤੇ ਕੁਦਰਤ ਭਾਵੇਂ ਕਿਸੇ ਵਿਅਕਤੀ ਵਿਸੇਸ ਦੇ ਨਾਲ ਬਦਲੀ ਨਹੀਂ ਜਾ ਸਕਦੀ ਅਤੇ ਸਭਿਆਚਾਰ  ਸਮੇਂ ਦੇ ਨਾਲ ਬਦਲਦੇ ਰਹਿਣਾਂ ਹੈ ਜਿਸ ਵਿੱਚ ਸਮਾਜਕ ਰਿਸਤਿਆਂ ਦੀ ਵੀ ਮੌਤ ਲਾਜਮੀ ਹੈ ਕਿਉਂਕਿ ਮਸੀਨੀਕਰਨ ਦੌਰ ਵਿੱਚ ਰਿਸਤਿਆਂ ਦੀ ਨੀਂਹ ਸਮਾਜ ਅਨੁਸਾਰ ਨਹੀਂ ਆਰਥਿਕਤਾ ਅਨੁਸਾਰ ਜਿਉਂਣ ਲਈ ਮਜਬੂਰ ਹੁੰਦੀ ਹੈ । ਵਰਤਮਾਨ ਵਿੱਚ ਰਿਸਤੇ ਵੀ ਬਰਾਬਰ ਦੀ ਆਰਥਿਕਤਾ ਨਾਲ ਹੀ ਬਣਨੇਂ ਅਤੇ ਨਿੱਭਣੇ ਹਨ । ਆਰਥਿਕਤਾ ਕਿਸੇ ਦੀ ਜੇਬ ਵਿੱਚ ਸਦਾ ਨਹੀਂ ਰਹਿੰਦੀ ਅਤੇ ਜਿਉਂ ਹੀ ਇਹ ਪਾਸਾ ਪਲਟਦੀ ਹੈ ਤਦ ਹੀ ਰਿਸਤੇ ਵੀ ਗਿਰਗਿਟ ਵਾਂਗ ਬਦਲ ਜਾਂਦੇ ਹਨ। ਇਸ ਤਰਾਂ ਦਾ ਸਵਾਰਥੀ ਸਮਾਜ ਮਨੁੱਖ ਦੀ ਹੋਣੀ ਬਣ ਰਿਹਾ ਹੈ ਅਤੇ ਭਵਿੱਖ ਵਿੱਚ ਮੋਹ ,ਮਿੱਤਰਤਾ , ਮਮਤਾ ਤੋਂ ਰਹਿਤ ਰਿਸਤਿਆਂ ਤੇ ਉਸਰਨ ਵਾਲੇ ਸਮਾਜ ਦਾ ਚਿਹਰਾ ਬਹੁਤ ਹੀ ਕਰੂਪ ਹੋਵੇਗਾ।

This entry was posted in ਲੇਖ.

3 Responses to ਸਮਾਜਕ ਰਿਸਤਿਆਂ ਦੀ ਮੌਤ ਤੇ ਉਸਰਦਾ ਸਮਾਜ

  1. please put an essay on successful Punjab i need it plz.

  2. it was fine but not good , great or wow…

  3. Parminder Singh says:

    Pawanpreet,
    Please explain why the article is fine not good would you like to add more or touch more fields to make it fine. Because it is very important topic.

Leave a Reply to Parminder Singh Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>