ਕੋਟਕਪੂਰਾ, (ਮਹਿੰਦੀਰੱਤਾ): ਆਰ.ਐਸ.ਐਸ. ਦੇ ਮੁਖੀ ਮੋਹਨ ਭਗਵਤ ਵੱਲੋਂ ਸਿੱਖਾਂ ਨੂੰ ਹਿੰਦੂ ਕਹੇ ਜਾਣ ‘ਤੇ ਸਿੱਖ ਕੌਮ ਦੇ ਆਗੂਆਂ ਅਤੇ ਵਿਦਵਾਨਾਂ ਨੇ ਜ਼ਬਰਦਸਤ ਰੋਸ ਪਰਗਟ ਕੀਤਾ ਹੈ। ਇਸ ਸਬੰਧੀ ਟਿੱਪਣੀ ਕਰਦਿਆਂ ਸਿੱਖ ਵਿਦਵਾਨ ਤੇ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਆਰ.ਐਸ.ਐਸ. ਆਗੂ ਤੇ ਭਾਰਤੀ ਜਨਤਾ ਪਾਰਟੀ ਦੇ ਫ਼ਿਰਕੂ ਸੋਚ ਦੇ ਲੀਡਰ ਥੌੜ੍ਹਾ ਥੋੜ੍ਹਾ ਚਿਰ ਮਗਰੋਂ ਇਹ ਸ਼ੋਸ਼ਾ ਛੱਡਦੇ ਰਹਿੰਦੇ ਹਨ। ਹਾਲਾਂ ਕਿ ਕੁਝ ਵਰ੍ਹੇ ਪਹਿਲਾਂ ਆਰ.ਐਸ.ਐਸ. ਦੇ ਉਦੋਂ ਦੇ ਮੁਖੀ ਸੁਦਰਸ਼ਨ ਨੇ ਐਲਾਨੀਆ ਕਿਹਾ ਸੀ ਕਿ ਅਸੀਂ ਸਿੱਖ ਧਰਮ ਦੀ ਆਜ਼ਾਦ ਹਸਤੀ ਮੰਨਦੇ ਹਾਂ। ਪਰ ਹੁਣ ਸ਼ਾਇਦ ਹਕੁਮਤ ਵਿਚ ਆਉਣ ਕਾਰਨ ਤਾਕਤ ਇਨ੍ਹਾਂ ਦੇ ਦਿਮਾਗ਼ ਨੂੰ ਚੜ੍ਹ ਗਈ ਹੈ ਤੇ ਇਹ ਫਿਰ ਲਫ਼ਜ਼ੀ ਦਹਿਸ਼ਤਗਰਦੀ ਵਾਲੀਆਂ ਹਰਕਤਾਂ ਕਰਨ ਲਗ ਪਏ ਹਨ। ਉਨ੍ਹਾਂ ਕਿਹਾ ਕਿ ਜੇ ਕਰ ਇਹ ਇਰਾਕ ਵਿਚਲੀ ਆਈ.ਐਸ.ਆਈ. ਨੂੰ ਦਹਿਸ਼ਤਗਰਦ ਕਹਿੰਦੇ ਹਨ ਤਾਂ ਇਹ ਖ਼ੁਦ ਵੀ ਉਹੋ ਜਿਹੀਆਂ ਹਰਕਤਾਂ ‘ਤੇ ਉਤਰ ਆਏ ਹਨ। ਦਹਿਸ਼ਤਗਰਦੀ ਸਿਰਫ਼ ਬੰਦੂਕਾਂ ਨਾਲ ਹੀ ਨਹੀਂ ਕੀਤੀ ਜਾਂਦੀ ਲਫ਼ਜ਼ਾਂ ਤੇ ਧਮਕੀਆਂ ਨਾਲ ਵੀ ਇਸ ਦਾ ਇਜ਼ਹਾਰ ਕੀਤਾ ਜਾ ਸਕਦਾ ਹੈ ਅਤੇ ਮੂਲਵਾਦੀ ਜਮਾਤ ਆਰ.ਐਸ.ਐਸ. ਦੇ ਮੁਖੀ ਮੋਹਨ ਭਗਵਤ ਦੇ ਇਸ ਬਿਆਨ ਦੇ ਪਿੱਛੇ ਉਹੀ ਸੋਚ ਹੈ।
ਉਨ੍ਹਾਂ ਹੋਰ ਕਿਹਾ ਕਿ ਮੋਹਨ ਭਾਗਵਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹਿੰਦੂ ਤੇ ਹਿੰਦੂਸਤਾਨ ਲਫ਼ਜ਼ ਵਿਦੇਸ਼ੀ ਹਮਲਾਵਰਾਂ, ਯਾਨਿ ਮੁਸਲਮਾਨ ਨੇ ਦਿੱਤਾ ਸੀ। ਜਦ ਉਨ੍ਹਾਂ ਦੱਖਣੀ ਏਸ਼ੀਆ‘ਤੇ ਹਮਲੇ ਸ਼ੁਰੂ ਕੀਤੇ ਤਾਂ ਉਨ੍ਹਾਂ ਨੇ ਇਸ ਇਲਾਕੇ ਨੂੰ ਸਿੰਧ ਦੇ ਪਾਰ ਦਾ ਇਲਾਕਾ ਹੋਣ ਕਰ ਕੇ ‘ਸਿੰਧੂਸਤਾਨ’ ਕਿਹਾ ਸੀ ਤੇ ‘ਹਿੰਦੂਸਤਾਨ’ ਉਸੇ ਦਾ ਇਕ ਰੂਪ ਹੈ। ਇਸੇ ਉਪ ਮਹਾਂਦੀਪ ਨੂੰ ਅੰਗਰੇਜ਼ਾਂ ਨੇ ਸਿੰਧ (ਇੰਡਸ) ਦਰਿਆ ਦੇ ਇਸ ਪਾਰ ਦਾ ਇਲਾਕਾ ਹੋਣ ਕਰ ਕੇ ‘ਇੰਡੀਆ’ ਨਾਂ ਦਿੱਤਾ ਸੀ। ਇਹ ਲਫ਼ਜ਼ ਮੌਜੂਦਾ ਹਿੰਦੂ ਧਰਮ ਵਾਸਤੇ ਨਹੀਂ ਦਿੱਤੇ ਗਏ ਸਨ।
ਉਨ੍ਹਾਂ ਹੋਰ ਕਿਹਾ ਕਿ ਹਿੰਦੂ ਨਾਂ ਦਾ ਧਰਮ ਕਦੇ ਵੀ ਮੌਜੂਦ ਨਹੀਂ ਸੀ। ਇਸ ਖਿੱਤੇ ਦੇ ਲੋਕ ਸ਼ਿਵ, ਵਿਸ਼ਨੂੰ, ਸੂਰਜ, ਗਣਪਤੀ (ਗਣੇਸ਼) ਤੇ ਦੁਰਗਾ ਵਗ਼ੈਰਾ ਦੀ ਪੂਜਾ ਕਰਿਆ ਕਰਦੇ ਸਨ। ਵਕਤ ਦੇ ਬੀਤਣ ਨਾਲ ਲੋਕ ਸੂਰਜ ਦੇਵਤਾ ਨੂੰ ਤਕਰੀਬਨ ਭੁੱਲ ਹੀ ਗਏ; ਹਾਲਾਂ ਕਿ ਕਸ਼ਮੀਰ ਵਿਚ ਮਾਰਤੰਡ, ਦੱਖਣ ਵਿਚ ਕੋਨਾਰਕ ਅਤੇ ਹੋਰ ਸੈਂਕੜੇ ਥਾਵਾਂ ਤੇ ਸੂਰਜ ਦੇਵਤਾ ਦੇ ਪ੍ਰਾਚੀਨ ਮੰਦਰ ਤੇ ਉਨ੍ਹਾਂ ਦੇ ਥੇਹ ਅੱਜ ਵੀ ਮੌਜੂਦ ਹਨ। ਗਣੇਸ਼ ਮਹਾਂਰਾਸ਼ਟਰ ਤਕ ਮਹਿਦੂਦ ਹੋ ਗਿਆ; ਦੁਰਗਾ ਬੰਗਾਲ ਦੀ ਦੇਵੀ ਬਣ ਗਈ। ਬਾਰ੍ਹ੍ਹਵੀ ਤੇਰ੍ਹਵੀਂ ਸਦੀ ਵਿਚ ਹਿੰਦੂਆਂ ਵਿਚ ਰਾਮ ਤੇ ਕ੍ਰਿਸ਼ਨ ਦੋ ਨਵੇਂ ਦੇਵਤੇ ਸ਼ਾਮਿਲ ਹੋ ਗਏ। ਹੌਲੀ ਹੌਲੀ ਇਨ੍ਹਾਂ ਦੀ ਪੂਜਾ ਵਧ ਹੋਣ ਲਗ ਪਈ। ਇਹ ਗੱਲ ਵੀ ਦਿਲਚਸਪ ਹੈ ਕਿ ਪ੍ਰਾਚੀਨ ਗ੍ਰੰਥ ਵਿਚ ਹਿੰਦੂ ਲਫ਼ਜ਼ ਮੌਜੂਦ ਨਹੀਂ ਹੈ; ਇਹ ਲਫ਼ਜ਼ ਵੇਦ, ਸਿਮ੍ਰਤੀਆਂ ਤੇ ਪੁਰਾਣਾਂ ਵਿਚ ਕਿਤੇ ਵੀ ਮੌਜੂਦ ਨਹੀਂ ਹੈ। ਖ਼ੈਰ ਇਹ ਹਿੰਦੂਆਂ ਦੀ ਆਪਣੀ ਮਰਜ਼ੀ ਹੈ ਕਿ ਉਨ੍ਹਾਂ ਨੇ ਆਪਣੇ ਧਰਮ ਵਾਸਤੇ ਮੁਸਲਮਾਨਾਂ ਦਾ ਦਿੱਤਾ ਨਾਂ ਮਨਜ਼ੂਰ ਕਰ ਕੇ ਅਪਣਾ ਲਿਆ ਹੈ। ਇਨ੍ਹਾਂ ਵਿਚੋਂ ਸੂਝਵਾਨ ਆਗੂ ਅੱਜ ਵੀ ਆਪਣੇ ਧਰਮ ਨੂੰ ‘ਆਰੀਆ ਧਰਮ’ ਅਤੇ ‘ਸਨਾਤਨ ਧਰਮ’ ਕਹਿੰਦੇ ਹਨ।
ਮੈਨੂੰ ਲਗਦਾ ਹੈ ਕਿ ਮੋਹਨ ਭਾਗਵਤ ਨੂੰ ਧਰਮ ਤੇ ਫ਼ਲਸਫ਼ੇ ਦਾ ਮੁਢਲਾ ਇਲਮ ਵੀ ਨਹੀਂ ਹੈ। ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਧਰਮ ਤੇ ਸਨਾਤਨ ਧਰਮ (ਯਾਨਿ ਹੁਣ ਦੇ ਹਿੰਦੂ ਮਤ) ਵਿਚ ਕੋਈ ਸਿਧਾਂਤਕ ਸਾਂਝ ਨਹੀਂ ਹੈ। ਸਿੱਖ ਧਰਮ ਕਿਸੇ ਦੇਵੀ ਦੇਵਤਾ ਨੂੰ ਨਹੀਂ ਮੰਨਦਾ। ਗੁਰਬਾਣੀ ਵਿਚ ਰਾਮ ਤੇ ਕਿਸ਼ਨ ਨੂੰ ਰਾਜੇ ਮੰਨਿਆ ਹੈ ਤੇ ਦੇਵਤੇ ਵੀ ਨਹੀਂ; ਗੁਰਬਾਣੀ ਤਾਂ ਕਹਿੰਦੀ ਹੈ ਕਿ ਉਹ ਜ਼ਬਾਨ ਸੜ ਜਾਵੇ ਜਿਹੜੀ ਕਹਿੰਦੀ ਹੈ ਕਿ ਰੱਬ ਕਦੇ ਇਨਸਾਨੀ ਜਾਮੇ ਵਿਚ ਆਉਂਦਾ ਹੈ। ਸਿੱਖ ਧਰਮ ਬ੍ਰਾਹਮਣੀ ਕਰਮ ਕਾਂਡ ਨੂੰ ਮੁੱਢੋਂ ਹੀ ਰੱਦ ਕਰਦਾ ਹੈ। ਸਿੱਖ ਧਰਮ ਅਖੌਤੀ ਤੀਰਥਾਂ ਦਾ ਫ਼ਲਸਫ਼ਾ ਨਹੀਂ ਮੰਨਦਾ। ਸਿੱਖ ਵਾਸਤੇ ਗੰਗਾ ਜਾਂ ਕੋਈ ਹੋਰ ਦਰਿਆ ਪਵਿਤਰ ਨਹੀਂ ਹੈ। ਸਿੱਖ ਵਾਸਤੇ ਗਾਂ ਤੇ ਬਕਰੇ ਤੇ ਮੁਰਗੇ ਵਿਚ ਕੋਈ ਫ਼ਰਕ ਨਹੀਂ। ਸਿੱਖ ਮੰਤਰਾਂ ਨੂੰ ਨਹੀਂ ਮੰਨਦੇ। ਸਿੱਖ ਰਾਮਾਇਣ ਤੇ ਮਹਾਂਭਾਰਤ ਨੂੰ ਕਾਲਪਨਿਕ ਕਿਤਾਬਾਂ ਮੰਨਦੇ ਹਨ। ਸਿੱਖ ਫ਼ਲਸਫ਼ੇ ਦਾ ਹਿੰਦੂ ਧਰਮ (ਇਹ ਨਾਂ ਇਨ੍ਹਾਂ ਦਾ ਮਨਜ਼ੂਰ ਕੀਤਾ ਹੋਇਆ ਹੈ) ਨਾਲ ਜ਼ਰਾ ਮਾਸਾ ਵੀ ਮੇਲ ਨਹੀਂ ਹੈ। ਜੇ ਦੋ ਕੂ ਨੁਕਤੇ ਸਿੱਖਾਂ ਤੇ ਹਿੰਦੂਾਂ ਵਿਚ ਸਾਂਝੇ ਜਾਪਦੇ ਹਨ ਤਾਂ ਉਸ ਤੋਂ ਕਿਤੇ ਵਧ ਸਿੱਖੀ ਤੇ ਇਸਲਾਮ ਤੇ ਬੁੱਧ ਧਰਮ ਅਤੇ ਇਸਾਈਅਤ ਵਿਚ ਸਾਂਝ ਜਾਪਦੀ ਹੈ।
ਹਿੰਦੂਆਂ ਨੂੰ ਇਹ ਹੱਕ ਹੈ ਕਿ ਉਹ ਮੁਸਲਮਾਨਾਂ ਦੇ ਦਿੱਤੇ ਨਾਂ ਨੂੰ ਅਪਣਾਉਣ। ਸਿੱਖ ਉਨ੍ਹਾਂ ਦੇ ਵਿਸ਼ਵਾਸ ਤੇ ਅਕੀਦੇ ਦਾ ਆਦਰ ਕਰਦੇ ਹਨ। ਪਰ, ਮੋਹਨ ਭਾਗਵਤ ਨੂੰ ਚਾਹੀਦਾ ਹੈ ਕਿ ਉਹ ਇਹੋ ਜਿਹੀਆ ਬੇਸਮਝੀ ਵਾਲੀਆ ਗੱਲਾਂ ਨਾ ਕਿਹਾ ਕਰਨ। ਇਹੋ ਜਿਹੇ ਸ਼ੋਸ਼ਿਆਂ ਤੇ ਸ਼ਰਾਰਤਾਂ ਨਾਲ ਲੋਕ ਉਨ੍ਹਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਹਨ ਤੇ ‘ਭਗਵੀ ਦਹਿਸ਼ਤ’ ਦਾ ਨੁਮਾਇੰਦਾ ਸਮਝਦੇ ਹਨ।
ਉਂਞ ਫ਼ਾਰਸੀ ਜ਼ਬਾਨ ਵਿਚ ਹਿੰਦੂ ਦਾ ਮਾਅਨਾ ਠੱਗ, ਡਾਕੂ, ਰਾਹ ਮਾਰ, ਲੁਟੇਰਾ, ਚੋਰ, ਤੇ ਗ਼ੁਲਾਮ, ਕਾਲਾ, ਬੁੱਤ ਵੀ ਹੁੰਦਾ ਹੈ। (ਫ਼ਾਰਸੀ ਡਿਕਸ਼ਨਰੀ ਸਫ਼ਾ 751)