ਪਖੰਡੀ ਸਾਧਾਂ ਨੇ ਲੋਕ ਚੇਤਨਤਾ ਨੂੰ ਮਿੱਟੀ ਦੀਆਂ ਪਰਤਾਂ ਚ ਡੂੰਘਾ ਛੁਪਾ ਦੇਣਾ ਹੈ। ਹਨੇਰੀਆਂ ਰਾਤਾਂ ਚ ਪਖੰਡਾਂ ਦੇ ਚਕਾਚੌਂਧ ਚ ਮਜ਼ਹੱਬੀ ਪਰਚਾ ਵੰਡ ਕੇ ਸਾਰੀ ਲੋਕਾਈ ਦੀਆਂ ਸੋਚਣ ਵਾਲੀਆਂ ਸੁੱਚੀਆਂ ਲੀਕਾਂ ਮਿਟਾ ਦੇਣੀਆਂ ਨੇ। ਗੁਰੂ ਨਾਨਕ ਸੋਚ ਕਿਸੇ ਦਿਨ ਲੱਭਣੀ ਔਖੀ ਹੋ ਜਾਵੇਗੀ। ਗੁਰੂ ਨਾਨਕ ਸੋਚ ਨੂੰ ਸੰਪ੍ਰਦਾਈ ਵੱਖਰੇਵੇਂ /ਡੇਰੇ ਭੰਗ ਕਰਨ ਤੇ ਤੁਲੇ ਹੋਏ ਹਨ । ਡੇਰੇ ਸਿੱਖ ਗੁਰ ਚੇਤਨਾ ਦਾ ਸ਼ਰੀਕਪੁਣਾ ਹੈ। ਪੰਥ ਨੂੰ ਤੋੜਨ ਤੇ ਕਮਜ਼ੋਰ ਕਰਨ ਦਾ ਰਾਹ। ਵੋਟਾਂ ਦਾ ਝਾਂਸਾ ਦੇ ਰਾਜਸੀ ਓਟ ਨਾਲ ਡੇਰਿਆ ਦੇ ਗੱਦੀ ਨਸ਼ੀਨ ਪੰਥ ਨੂੰ ਪਿੱਛੇ ਛੱਡ ਸੰਪ੍ਰਦਾ ਦੀ ਮੁੱਖ ਅਹਿਮੀਅਤ ਬਣ ਜਾਂਦੇ ਹਨ। ਧਰਮ ਨੂੰ ਪ੍ਰੋਤਸਾਹਿਤ ਕਰਨ ਦੀ ਥਾਂ ‘ਤੇ ਧਰਮ ਦੇ ਨਾਅਰੇ ‘ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਸਵਾਰਥੀ ਬਣ ਬੈਠਦੇ ਹਨ।
ਸੁੰਦਰ ਭਗਤਣੀਆਂ ਦਾ ਇਸਤੇਮਾਲ ਕਰਕੇ ਇਹ ਡੇਰੇ ਸਵਰਗ ਤੇ ਅਨੰਦ ਦਾ ਸਾਰਾ ਸਾਮਾਨ ਇਕ ਦੁਕਾਨ ਤੇ ਵੇਚ ਰਹੇ ਹਨ। ਅੰਨ੍ਹੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਇੰਜ਼ ਵਾਧਾ ਕਰ ਰਹੇ ਹਨ। ਇਨ੍ਹਾਂ ਡੇਰਿਆਂ ਨੂੰ ਆਪਣਾ ਪਖੰਡ ਵੇਚਣ ਲਈ ਮੀਡੀਆ ਨੇ ਵੀ ਥਾਂ ਦਿੱਤੀ ਹੈ ਤੇ ਕੇ ਲੋਕਾਂ ਦੇ ਅੰਧ-ਵਿਸ਼ਵਾਸਾਂ ਤੇ ਅਗਿਆਨਤਾ ਵਿੱਚ ਵਾਧਾ ਕਰੀ ਜਾ ਰਹੇ ਹਨ। ਜਿੰਨ੍ਹਾ ਚਿਰ ਤੱਕ ਮੀਡੀਆ ਤਰਕਵਾਦੀ ਤੇ ਸੱਚ ਦੇ ਆਧਾਰ ‘ਤੇ ਨਹੀਂ ਪ੍ਰਚਾਰਿਤ ਤੇ ਪ੍ਰਸਾਰਿਤ ਨਹੀਂ ਹੁੰਦਾ, ਓਨਾ ਚਿਰ ਤੱਕ ਭਾਰਤ ਦੇ ਲੋਕ ਇਸ ਡੇਰਾਵਾਦੀ ਖਲਜਗਨ ਵਿੱਚ ਆਪਣਾ ਸ਼ੋਸ਼ਣ ਕਰਵਾਉਂਦੇ ਰਹਿਣਗੇ।
ਬਿਜਨਸ ਬਣ ਕੇ ਰਹਿ ਗਈ ਹੈ ਸਿਆਸਤ ਧਰਮ ਨਹੀਂ। ਥਾਂ-ਥਾਂ ‘ਤੇ ਉਨ੍ਹਾਂ ਦੇ ਸਮਾਗਮ ਹੋ ਰਹੇ ਹਨ। ਇਨ੍ਹਾਂ ਸਾਹਨਾਂ/ਸੰਤਾਂ ਦਾ ਸਮਾਜ ਦੇ ਸੁਧਾਰ ਚ ਕੋਈ ਪ੍ਰਭਾਵ ਨਹੀਂ ਹੈ। ਭ੍ਰਿਸ਼ਟਾਚਾਰ ਕਰਾਈਮ, ਦੁਰਾਚਾਰ ਇਹਨਾਂ ਕੀ ਘਟਾਉਣਾ ਇਹੀ ਤਾਂ ਵਧਾਉਂਦੇ ਨੇ- ਇਹ ਚੰਗੇ ਵਿਉਪਾਰੀ ਹਨ ਸਾਹਨ ਨੇ-ਨੈਤਿਕ ਇਨਸਾਨ ਨਹੀਂ। ਸਿਆਸਤਦਾਨਾਂ ਤੇ ਡੇਰਾਵਾਦੀਆਂ ਦੇ ਨਾਪਾਕ ਗੱਠਜੋੜ ਕਾਰਨ ਅੱਜ ਦੇਸ ਚੌਰਾਹੇ ‘ਤੇ ਖੜ੍ਹਾ ਹੈ। ਸਾਡੀ ਪ੍ਰਭੂਸੱਤਾ ਆਜ਼ਾਦੀ ਤੇ ਲੋਕਤੰਤਰ ਸੂਲੀ ‘ਤੇ ਟੰਗਿਆ ਹੋਇਆ ਹੈ ਇਹਨਾਂ ਨੇ। ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਵੱਧ ਖਤਰਨਾਕ ਦਿਖਾਈ ਦੇ ਰਿਹਾ ਹੈ ਇਹ ਵਰਤਾਰਾ।
ਡੇਰਿਆਂ ਦਾ ਵਿਉਪਾਰ ਹੈ ਜੇਕਰ ਇਨ੍ਹਾਂ ਨੇ ਸਕੂਲ, ਕਾਲਜ, ਹਸਪਤਾਲ ਖੋਲ੍ਹੇ ਹਨ। ਇਨ੍ਹਾਂ ਸਕੂਲਾਂ, ਹਸਪਤਾਲਾਂ ਦੀਆਂ ਫੀਸਾਂ ਵੀ ਬਹੁਤ ਜ਼ਿਆਦਾ ਹੁੰਦੀਆਂ, ਪਰ ਕਾਰਜ ਕਰਨ ਵਾਲਿਆਂ ਨੂੰ ਨਾਮਾਤਰ ਮਿਹਨਤਾਨਾ ਦਿੱਤਾ ਜਾਂਦਾ ਹੈ। ‘ਧਰਮ’ ਦੇ ਨਾਮ ‘ਤੇ ਇਹ ਸ਼ੋਸ਼ਣ ਕੀਤਾ ਜਾਂਦਾ ਹੈ ਕਿ ਡੇਰਾ ਤਾਂ ਧਰਮ ਤੇ ਸਮਾਜ ਦੀ ਸੇਵਾ ਕਰ ਰਿਹਾ ਹੈ। ਡੇਰੇ ਸ਼ਾਪਿੰਗ ਕੰਪਲੈਕਸ, ਡੇਅਰੀ ਉਦਯੋਗ, ਹਸਪਤਾਲ ਤੇ ਹੋਰ ਉਦਯੋਗ ਚਲਾ ਕੇ ਕਾਰਪੋਰੇਟ ਜਗਤ ਦਾ ਹਿੱਸਾ ਬਣ ਚੁੱਕੇ ਹਨ। ਸ਼ਰਧਾਲੂ ਆਰਯੂਵੈਦਿਕ ਦਵਾਈਆਂ ਉੱਚੇ ਮੁੱਲ ‘ਤੇ ਖ਼ਰੀਦ ਰਹੇ ਹਨ। ਮਨੁੱਖ ਨੂੰ ਅਜਿਹੇ ਅਡੰਬਰ ਤੇ ਅੰਧ-ਵਿਸ਼ਵਾਸ ਤੋਂ ਮੁਕਤ ਹੋ ਕੇ ਮਾਰਕਸ ਨੇ ਵਿਗਿਆਨਕ ਚੇਤਨਾ ਅਪਨਾਉਣ ਦੀ ਪ੍ਰੇਰਣਾ ਦਿੱਤੀ ਸੀ। ਚਲੋ! ਇਹਨਾਂ ਸੰਕਲਪਾਂ ਵਿਰੁੱਧ ਬਗਾਵਤ ਕਰੀਏ।
ਇਹ ਭਾਰਤੀ ਮਨੁੱਖ ਦੇ ਅੰਧ-ਵਿਸ਼ਵਾਸ ਤੇ ਖਪਤਕਾਰੀ ਸੱਭਿਅਤਾ ਦੀ ਉਪਜ ਹੈ -ਡੇਰਾਪਰੰਪਰਾ ਦਾ ਧਰਮ ਨਾਲ ਉਕਾ ਵਾਸਤਾ ਨਹੀਂ ਹੈ। ਇਹ ਧਰਮੀ ਮਖੌਟੇ ਪਹਿਨ ਭਾਰਤੀ ਸਮਾਜ ਦਾ ਸ਼ੋਸ਼ਣ ਕਰ ਰਹੇ ਹਨ। ਇਹਨਾਂ ਥਾਵਾਂ ਚੋਂ ਸਗੋਂ ਕਰਮਕਾਡਾਂ, ਅੰਧ-ਵਿਸ਼ਵਾਸ ਸ਼ੋਸ਼ਣ, ਅਡੰਬਰ ਪੈਦਾ ਹੋ ਰਹੇ ਹਨ। ਵਿਗਿਆਨਕ ਯੁੱਗ ਇਹਨਾਂ ਤੋਂ ਕੋਹਾਂ ਦੂਰ ਹੈ। ਇਨ੍ਹਾਂ ਪਾਖੰਡੀਆਂ ਦੇ ਪਾਖੰਡੀ ਸਵਰੂਪ ਰੰਗ ਰੂਪ, ਵੇਸਭੂਸ਼ਾ ਦੇ ਭਰਮ ਜਾਲ੍ਹਾਂ ਵਿੱਚ ਭੋਲੀ ਭਾਲੀ ਜਨਤਾ ਜਲਦੀ ਫਸ ਜਾਂਦੀ ਹੈ ਤੇ ਫੇਰ ਇਹ ਜਲਾਦ ਉਹਨਾਂ ਦੇ ਅਰਮਾਨਾਂ ਦੇ ਆਹੂ ਲਾਉਂਦੇ ਹਨ। ਸਿਆਸਤਦਾਨਾਂ ਸਦਕਾ ਹੀ ਇਨ੍ਹਾਂ ਡੇਰਾਵਾਦੀਆਂ ਦੇ ਹੌਂਸਲੇ ਵਧੇ ਹੋਏ ਹਨ ਤੇ ਉਹ ਕੋਈ ਵੀ ਕਰਾਈਮ ਕਰਨ ਤੋਂ ਨਹੀਂ ਹਟਦੇ-ਹਲਕੇ ਕੁੱਤੇ ਵਾਂਗ ਸਮਾਜ ਨੂੰ ਕੱਟ ਰਹੇ ਹਨ। ਸਮਾਜ ਦੇ ਵਿਕਾਸ ਤੇ ਲੋਕਤੰਤਰ ਪ੍ਰਬੰਧ ਲਈ ਇਹ ਵਿਵਸਥਾ ਬਹੁਤ ਹੀ ਘਾਤਕ ਹੈ।
ਪਿਛਲੇ ਕੁਝ ਦਹਾਕਿਆਂ ਤੋਂ ਇਸ ਡੇਰਾਵਾਦ ਨੇ ਪੰਜਾਬ ਅੰਦਰ ਬੜੀ ਤੇਜ਼ੀ ਨਾਲ ਪੈਰ ਪਸਾਰੇ ਹਨ। ਅਣਗਿਣਤ ਡੇਰੇ ਹੋਂਦ ਵਿਚ ਆਏ ਹਨ। ਪੰਜਾਬੀਆਂ ਦੀ ਮਾਨਸਿਕਤਾ ਡੋਲੀ ਪਈ ਹੈ। ਸਮਾਜਿਕ ਅਤੇ ਸਭਿਆਚਾਰਕ ਤੌਰ ਤੇ ਢਾਂਚਾ ਹਿੱਲਿਆ ਪਿਆ ਹੈ। ਵਿਹਲੜ, ਬਦਮਾਸ਼-ਬਦਕਾਰ ਅਤੇ ਠੱਗ ਕਿਸਮ ਦੇ ਲੋਕਾਂ ਨੇ ਪੰਜਾਬ ਦੇ ਗਰੀਬ ਤੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਮਗਰ ਲਾ ਰੱਖਿਆ ਹੈ। ਏਥੇ ਔਰਤਾਂ ਨਾਲ ਬਦਕਾਰੀ ਅਤੇ ਬੱਚਿਆਂ ਨਾਲ ਬਦਫਹਿਲੀ ਦੀਆਂ ਖ਼ਬਰਾਂ ਆਮ ਹੋ ਗਈਆਂ ਹਨ। ਪੰਜਾਬ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰ ਰਹੇ ਇਹ ਡੇਰੇ। ਨੇਤਾ ਇਨ੍ਹਾਂ ਬਦਕਾਰ ਬਦਮਾਸ਼ਾਂ ਦੇ ਦਰਾਂ ਤੇ ਪਲ ਰਹੇ ਹਨ।
ਇਨਸਾਨ ਲਾਲਸਾ ਦਾ ਫਾਇਦਾ ਉਠਾ ਕੇ ਡੇਰੇ ਕਾਮਯਾਬ ਹੋ ਗਏ ਹਨ। ਅਨਪੜ੍ਹਤਾ ਬੇਰੁਜ਼ਗਾਰੀ ਦੀ ਮਾਰ ਹੇਠ ਜ਼ਿਆਦਾ ਲੋਕ ਸਮਾਜ ਵਿੱਚ ਡੇਰੇ ਬਣਾ ਕੇ ਬੈਠੇ ਲੋਟੂ ਸਾਹਨਾਂ ਦੇ ਸ਼ਿਕੰਜੇ ਵਿੱਚ ਜਾ ਫਸਦੇ ਹਨ। ਲੋਕਾਂ ਵਿੱਚ ਲੜਕਾ ਪੈਦਾ ਹੋਣ ਲਈ ਸਾਧਾਂ ਤੋਂ ‘ਫਲ’ ਪੁਆਉਣ ਵਰਗੇ ਰਿਵਾਜ਼ ਸਿੱਖੀ ਵਿੱਚ ਭਾਰੂ ਹੋ ਰਹੇ ਹਨ। ਸਮਾਜਿਕ ਅਤੇ ਪਰਿਵਾਰਿਕ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਹਰ ਬਾਬੇ ਦੇ ਆਪਣੇ ਪੈਰੋਕਾਰਾਂ ਦੀ ਗਿਣਤੀ ਵਧਣ ਨਾਲ ਸਮਾਜ ਵਿੱਚ ਵੰਡੀਆਂ ਪੈ ਚੁੱਕੀਆਂ ਹਨ। ਡੇਰੇਦਾਰ ਆਪਣੇ ਪਹਿਲੇ ਬਾਬਿਆਂ ਦੀਆਂ ਫੋਟੋਆਂ ਰਾਹੀਂ ਮੂਰਤੀ-ਪੂਜਾ ਵਰਗੀ ਮਨਮਤਿ ਨੂੰ ਪ੍ਰਚਾਰ ਰਹੇ ਹਨ ‘ਤੇ ਲੋਕ ਉਸਨੂੰ ਅਪਣਾ ਚੁੱਕੇ ਹਨ। ਸੂਰਤ ਦੀਆਂ ਦੋ ਭੈਣਾਂ ਨੇ ਆਸਾਰਾਮ ਅਤੇ ਉਸ ਦੇ ਲੜਕੇ ਨਾਰਾਇਣ ਸਾਈਂ ‘ਤੇ ਸੈਕਸ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ‘ਚ ਆਸਾਰਾਮ ਨੇ ਮੰਨਿਆ ਹੈ ਕਿ ਸੈਕਸ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀਆਂ ਦੋਵੇਂ ਭੈਣਾਂ ਉਸ ਦੇ ਆਸ਼ਰਮ ਵਿਚ ਰਹਿੰਦੀਆਂ ਸਨ। ਉਸ ਨੇ ਉਨ੍ਹਾਂ ਨੂੰ ਆਪਣੀਆਂ ਚੰਗੀਆਂ ਬੁਲਾਰਨਾਂ ਬਣਾਉਣ ਦਾ ਵਾਅਦਾ ਕੀਤਾ ਸੀ। ਆਸਾਰਾਮ ਨੇ ਇਹ ਵੀ ਮੰਨਿਆ ਕਿ ਉਹ ਗਾਂਜਾ ਤੇ ਅਫੀਮ ਦੀ ਵਰਤੋਂ ਕਰਦਾ ਸੀ। ਉਸ ਨੇ ਕਿਹਾ ਕਿ ਲੜਕੀਆਂ ਅਫੀਮ ਦੀ ਵਰਤੋਂ ਕਰਕੇ ਉਸ ਕੋਲ ਆਉਂਦੀਆਂ ਸਨ। ਉਸ ਨੇ ਇਹ ਵੀ ਮੰਨਿਆ ਕਿ ਉਹ ਔਰਤਾਂ ਕੋਲੋਂ ਮਾਲਿਸ਼ ਕਰਵਾਉਂਦਾ ਸੀ।
ਤਰਕ ਕਰਨ ਦੀ ਸਮਰੱਥਾ ਦਾ ਵਿਕਾਸ ਕਰਨ ਲਈ ਜਾਗਰੂਕਤਾ ਆਮ ਲੋਕਾਂ ਵਿੱਚ ਫੈਲਾਈ ਜਾਵੇ। ਜਦੋਂ ਲੋਕਾਂ ਨੂੰ ਇਹਨਾਂ ਸਾਧਾਂ ਤੋਂ ਦਲੀਲ ਨਾਲ ਤਰਕ ਕਰਨ ਦੀ ਹਿੰਮਤ ਆ ਗਈ ਤਾਂ ਡੇਰਾਵਾਦ ਦਾ ਪਾਖੰਡ ਜਲਦੀ ਟੁੱਟ ਜਾਵੇਗਾ। ਲੋਕਾਂ ਵਿੱਚ ਉਹਨਾਂ ਦਾ ਆਪਣਾ ਵਿਸ਼ਵਾਸ਼ ਵਧਾਉਣ ਦਾ ਯਤਨ ਕਰਨਾ ਜਰੂਰੀ ਹੈ। ਪੰਚਾਇਤਾਂ ਨੌਜੁਆਨਾਂ ਦੀ ਆਰਥਿਕ ਮਦਦ ਕਰਨ। ਗੁਰਦੁਆਰਾ ਕਮੇਟੀਆਂ ਨੇਕੀ ਦੇ ਰਾਹ ਟੁਰਨ, ਫੰਡਾਂ ਨੂੰ ਸਹੀ ਖਰਚਣ ਤਾਂ ਕਈ ਕੰਮ ਨੇਪਰੇ ਚਾੜੇ ਜਾ ਸਕਦੇ ਹਨ। ਲੋਕਾਂ ਦੀ ਨੀਵੀਂ ਪੱਧਰ ਦੀ ਚੇਤਨਤਾ ਇਹਨਾਂ ਸੰਦਾਂ ਦੇ ਫੈਲਣ ਦਾ ਕਾਰਨ ਹੈ। ਸਰਕਾਰਾਂ ਕਰੋੜਾਂ ਰੁਪਏ ਖਰਚ ਕੇ ਇਸ ਡੇਰਾਵਾਦ ਨੂੰ ਪ੍ਰਫੁੱਲਤ ਕਰ ਰਹੀਆਂ ਹਨ। ਕੇਂਦਰੀ ਮੰਤਰੀ ਤੇ ਅਫਸਰ ਅੱਡ-ਅੱਡ ਸਮਿਆਂ ‘ਤੇ ਇਨ੍ਹਾਂ ਡੇਰੇਦਾਰਾਂ ਦੀ ਹਾਜ਼ਰੀ ਭਰ ਕੇ ਡੇਰੇਦਾਰਾਂ ਪ੍ਰਤੀ ਸਤਿਕਾਰ ਅਤੇ ਭੈਅ ਦੋਵੇਂ ਵਧਾਉਂਦੇ ਹਨ। ਇਹੀ ਕਾਰਣ ਹੈ ਕਿ ਕਿਸੇ ਛੋਟੇ-ਮੋਟੇ ਪੁਲਿਸ ਅਫਸਰ ਜਾਂ ਜੱਜ ਦੀ ਇਨ੍ਹਾਂ ਦੀਆਂ ਕਰਤੂਤਾਂ ਵੱਲ ਵੇਖਣ ਦੀ ਜੁਰਅਤ ਨਹੀਂ ਪੈਂਦੀ।
ਅਸਲ ਵਿਚ ਪੰਜਾਬ ਦੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਨੇ ਬ੍ਰਾਹਮਣਵਾਦੀ ਭਰਮਜਾਲ ਅਤੇ ਕਰਮਕਾਂਡ ਨਾਲੋਂ ਮੁਕੰਮਲ ਨਿਖੇੜਾ ਕਰਕੇ ਅਸਲੀ ਧਰਮ ਜਾਂ ਕੁਦਰਤੀ (ਭੌਤਿਕਵਾਦੀ) ਫ਼ਲਸਫ਼ੇ ਦੇ ਸੱਚ ਲੜ੍ਹ ਲਾਇਆ ਸੀ। ਡੇਰੇਵਾਦ ਦੇ ਫੈਲਣ ਲਈ ਸਿੱਖ ਸੰਸਥਾਵਾਂ ਵੀ ਸਭ ਤੋਂ ਵੱਧ ਜ਼ਿੰਮੇਵਾਰ ਹਨ। ਖੁਦ ਕਰਮਕਾਂਡੀ ਬ੍ਰਾਹਮਣੀ ਭਰਮਜਾਲ ਚ ਫਸ ਕੇ ਸਿੱਖ ਸੰਸਥਾਵਾਂ ਨੂੰ ਇਕ ਵੱਡੇ ਡੇਰਾਵਾਦ ਦਾ ਰੂਪ ਦੇ ਦਿੱਤਾ ਹੈ ਇਨ੍ਹਾਂ ਨੇ ਆਪ ਗੁਰੂ ਫ਼ਲਸਫ਼ੇ ਨੂੰ ਫੈਲਾਉਣ ਦੀ ਥਾਂ ਤੇ। ਇਹੀ ਕਾਰਨ ਹੈ ਕਿ ਇਹਨਾਂ ਆਗੂਆਂ’ਨੂੰ ਇਨ੍ਹਾਂ ਡੇਰਿਆਂ ਦੀਆਂ ਪੌੜੀਆਂ ਚੜਦਿਆਂ ਭੋਰਾ ਵੀ ਸੰਗ ਨਹੀਂ ਆਉੰਦੀ।
ਭੋਲੇ-ਭਾਲੇ ਲੋਕਾਂ ਨੂੰ ਸ਼ਾਂਤੀ ਦਿਵਾਉਣ ਲਈ ਥਾਂ-ਥਾਂ ਕੁਝ ਪਖੰਡੀ ਲੋਕ ਸਾਧੂ ਭੇਖ ਚ ਆਪਣੀਆਂ ਦੁਕਾਨਾਂ ਖੋਲੀ੍ ਬੈਠੇ ਹਨ। ਧਾਗੇ-ਤਵੀਤਾਂ ਰਾਹੀਂ ਸਿੱਖ ਪਰੰਪਰਾਵਾਂ ਦੇ ਉਲਟ ਗੁਰੂ ਦੇ ਲੜ ਲਾਉਣ ਦੀ ਥਾਂ ਅੰਧ-ਵਿਸ਼ਵਾਸ ਫ਼ੈਲਾ ਰਹੇ ਹਨ ਇਹ ਭੇਖੀ। ਇਨ੍ਹਾਂ ਪਖੰਡੀਆਂ ਦਾ ਸਤਿਕਾਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਸੀਂ ਸਿੱਖ ਰਹੁ-ਰੀਤਾਂ ਦਾ ਘਾਣ ਕਰ ਰਹੇ ਹਾਂ। ਗ੍ਰੰਥੀ ਸਿੰਘ ਵੀ ਕਈ ਥਾਈਂ ਗੁਰਦੁਆਰਿਆਂ ਵਿਚ ਲੋਕਾਂ ਨੂੰ ਭਬੂਤੀਆਂ, ਧੂਫ਼, ਮਿਸ਼ਰੀ, ਜਲ, ਧਾਗੇ, ਤਵੀਤ ਅਤੇ ਇਲਾਇਚੀਆਂ ਆਦਿ ਦੇ ਕੇ ਲੋਕਾਂ ਦਾ ਅੱਗਾ-ਪਿੱਛਾ ਦੱਸਦੇ ਹਨ।
ਮੰਗਲ ਗ੍ਰਹਿ ‘ਤੇ ਵੀ ਖ਼ੋਜ ਕਰ ਲਈ ਹੈ ਲੰਬੀਆਂ ਪੁਲਾਂਘਾਂ ਪੁੱਟੀਆਂ ਹਨ ਆਦਮੀ ਨੇ। ਕੀ ਅੱਜ ਅਸੀਂ ਵਿਗਿਆਨ ਦੇ ਯੁੱਗ ਵਿਚ ਜੀਅ ਰਹੇ ਹਾਂ। ਲੋਕਾਈ ਡੇਰਾਵਾਦ ਦੇ ਪਿੱਛੇ ਲੱਗ ਤੁਰੀ ਹੈ ਵਹਿਮਾਂ-ਭਰਮਾਂ ਵਿਚ ਫ਼ਸ ਕੇ। ਪੜ੍ਹੇ-ਲਿਖੇ ਨੌਜੁਆਨ ਅੰਮ੍ਰਿਤਧਾਰੀ ਸਿੱਖ ਬੀਬੀਆਂ ਬਾਬਿਆਂ ਦੇ ਗੋਡੇ ਘੁੱਟਦੇ ਹਨ। ਇਮਿਤਿਹਾਨ ਵਿਚੋਂ ਪਾਸ ਹੋਣਾ ਹੋਵੇ ,ਨੌਕਰੀ ਵਿਚ ਤਰੱਕੀ ਲੈਣੀ ਹੋਵੇ, ਰਿਸ਼ਤਾ ਨਾਂ ਹੁੰਦਾ ਹੋਵੇ, ਵਿਦੇਸ਼ ਜਾਣਾ ਹੋਵੇ ਬਾਬਿਆਂ ਤੋਂ ਪੁੱਛਾਂ ਪਵਾਈਆਂ ਜਾਂਦੀਆਂ ਹਨ।
ਆਪਣਾ ਵੋਟ ਬੈਂਕ ਬਣਿਆ ਰੱਖਣ ਲਈ ਆਗੂ ਵੀ ਡੇਰਿਆਂ ਦੇ ਸਹਾਰੇ ਤੇ ਜਿਉਂਦੇ ਹਨ। ਕੁਰਸੀਆਂ ਲਈ ਡੇਰਿਆਂ ਤੇ ਮੱਥੇ ਰਗੜਦੇ ਹਨ। ਇਤਿਹਾਸਕ ਵਿਰਸੇ ਅਤੇ ਗੌਰਵਮਈ ਸਿੱਖ ਸਿਧਾਂਤਾਂ ਤੋਂ ਦੂਰ ਜਾ ਕੇ ਨੌਜਵਾਨ ਵੀ ਡੇਰਿਆ ਤੇ ਢੋਲਕ ਚਿੱਮਟੇ ਖੜਕਾਉਂਦੇ ਹਨ। ਜਾਤ-ਪਾਤ ਤੇ ਬਰਾਦਰੀਆਂ ਨੂੰ ਲੈ ਕੇ ਵੱਖੋ-ਵੱਖਰੇ ਗੁਰਦੁਆਰੇ ਬਣ ਰਹੇ ਹਨ ਜਿਥੇ ਜਾਤ-ਪਾਤ ਦੇ ਭੇਦਭਾਵ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਤਮ ਕੀਤਾ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਕੁਝ ਨਹੀਂ ਕਰ ਰਹੀਆਂ ਜਿਹਨਾਂ ਨੇ ਇਹ ਕਾਰਜ ਕਰਨਾ ਸੀ। ਮਹਿਸੂਸ ਹੁੰਦਾ ਹੈ ਕਿਸੇ ਦਿਨ ਇਹਨਾਂ ਮਸੰਦਾਂ ਸਾਧਾ ਸਾਹਨਾਂ ਦਾ ਹੀ ਬੋਲਬਾਲਾ ਹੋਵੇਗਾ-ਨਾਨਕ ਦੇ ਪਿਮਡ ਦਾ ਰਾਹ ਲੋਕ ਭੁੱਲ ਜਾਣਗੇ। ਕਿਸੇ ਨੇ ਯਾਦ ਨਹੀਂ ਰੱਖਣੇ ਗੋਬਿੰਦ ਦੇ ਪੁੱਤਰਾਂ ਦੇ ਸ਼ਮਸੀਰਾਂ ਤੇ ਲਿਖੇ ਗੀਤ, ਨੀਹਾਂ ਤੇ ਦਵਾਰਾ ਤੇ ਉੱਕਰੇ ਇਤਿਹਾਸ। ਇਹ ਸੱਭ ਕੁਝ ਝੂਠ ਪਸਾਰ ਕਾਰਾ ਤੁਹਾਡੇ ਸਾਹਮਣੇ ਹੋ ਰਿਹਾ ਹੇ ਤੇ ਤੁਸੀਂ ਇੱਕ ਦਰਸ਼ਕ ਬਣ ਕੇ ਵੇਖ ਰਹੇ ਹੋ-ਯਾਦ ਰੱਖਿਓ ਕਦੇ ਕੋਈ ਬਾਹਰੋਂ ਨਹੀਂ ਆਇਆ ਰੁੱਖਾਂ ਨੂੰ ਸਿੰਜਣ ਲਈ, ਤੇ ਉਹਨਾਂ ਦੀ ਹਿਫ਼ਾਜਤ ਲੲੀ ਤਾਂ ਕਿ ਉਹਨਾਂ ਨੂੰ ਫੁੱਲ ਲੱਗਣ ਜਾਂ ਫ਼ਲਾਂ ਦੇ ਗੁੱਛੇ ਲਟਕਣ-ਬਚਾ ਲਓ ਕੌਮਾਂ ਨੂੰ ਜੇ ਦਮ ਹੈ ਨੌਜਵਾਨਾਂ ਚ-ਨਹੀਂ ਤਾਂ ਥਾਂ 2 ਤੇ ਉੱਸਰੇ ਇਹ ਡੇਰੇ ਨਨਕਾਣੇ ਦਾ ਨਾਂ ਮਿਟਾ ਦੇਣਗੇ-ਕਿਸੇ ਨੇ ਪਟਨੇ ਵੱਲ ਮੂਹ ਨਹੀਂ ਕਰਨਾ-ਤੇ ਹਾਂ ਓਦੋਂ ਸਮਾਂ ਵੀ ਹੱਥੋਂ ਨਿਕਲ ਗਿਆ ਹੋਵੇਗਾ।
Zabardast.
God bless the writer