ਉਸ ਨੇ ‘ਫੂੁਡ ਵਾਰਮਰ’ ਦੀ ਘੱੜੀ ਵੱਲ ਦੇਖਿਆ ਤਾਂ ਸ਼ਾਮ ਦੇ ਚਾਰ ਵੱਜ ਕੇ ਪੱਚੀ ਮਿੰਟ ਹੋਏ ਸਨ।“ ਪੰਜ ਮਿੰਟ ਰਹਿ ਗਏ ਔਫ ਹੋਣ ਵਿਚ।” ਉਸ ਨੇ ਨਾਲ ਕੰਮ ਕਰਦੀ ਕੁੜੀ ਨੂੰ ਕਿਹਾ, “ ਮੋਢੇ ਦੁਖਣ ਲੱਗ ਪਏ ਨੇ।”
“ਦਰਸ਼ੀ, ਅੱਜ ਤਾਂ ਬੀਜ਼ੀ ਵੀ ਬਾਹਲਾ ਸੀ।” ਨਾਲ ਦੀ ਕੁੜੀ ਨੇ ਗਰਿਲ(ਤਵੀ) ਦੇ ਆਲੇ-ਦੁਆਲੇ ਕੱਪੜਾ ਫੇਰਦੇ ਕਿਹਾ, “ਅੱਜ ਤਾਂ ਬੋਸ ਵੀ ਬਹੁਤ ਖੁਸ਼ ਸੀ।”
“ ਬੋਸ, ਆਪੇ ਹੀ ਖੁਸ਼ ਹੁੰਦਾ ਰਹਿੰਦਾ ਏ।” ਦਰਸ਼ੀ ਨੇ ਮੱਥੇ ‘ਤੇ ਤਿਊੜੀ ਪਾ ਕੇ ਕਿਹਾ, “ ਜਿਨਾ ਮਰਜ਼ੀ ਪੈਸਾ ਬਣ ਜਾਵੇ, ਉਸ ਨੇ ਕਿਹੜਾ ਸਾਡੇ ਵਰਗਿਆਂ ਦੇ ਪੈਸੇ ਵਧਾ ਕੇ ਸਾਨੂੰ ਖੁਸ਼ ਕਰਨਾ।”
“ ਪੰਜਾਬੀ ਬੋਸ ਘੱਟ ਹੀ ਪੈਸੇ ਵਧਾਂਉਦੇ ਆ।” ਇਕ ਹੋਰ ਨੇ ਕਿਹਾ, “ ਜਿਨਾਂ ਮਰਜ਼ੀ ਇਹਨਾਂ ਦਾ ਬਿਜ਼ਨਸ ਵਧੀ ਜਾਵੇ, ਕਹਿਣਗੇ ਇਹ ਹੀ ਕਿ ਘਾਟਾ ਪੈ ਗਿਆ।”
“ ਆਪਣੇ ਹੋਏ ਜਾਂ ਚੀਨੇ ਘੱਟ ਹੀ ਪੈਸੇ ਵਧਾਂਉਦੇ ਆ।” ਜਿੰਦਰ ਮੀਟ ਵਾਲਾ ਡੱਬਾ ਕੂਲਰ ਵਿਚ ਲਿਜ਼ਾਦਾ ਬੋਲਿਆ, “ ਭੈਣ, ਤੂੰ ਤਾਂ ਪੜ੍ਹੀਲਿਖੀ ਆਂ, ਕਿਸੇ ਹੋਰ ਪਾਸੇ ਕੰਮ ਲੱਭ ਲੈ।”
“ ਮੇਰੀ ਗੁੱਡੀ ਠੀਕ ਨਹੀ ਰਹਿੰਦੀ।” ਦਰਸ਼ੀ ਨੇ ਲੰਮਾ ਸਾਹ ਖਿੱਚ ਕੇ ਕਿਹਾ, “ ਜਦੋਂ ਮੈਂਨੂੰ ਲੋੜ ਪੈਂਦੀ ਹੈ ਇਹ ਛੁੱਟੀ ਦੇ ਦਿੰਦੇ ਆ, ਇਸ ਕਰਕੇ ਹੀ ਮੈਂ ਇੱਥੇ ਟਿਕੀ ਹੋਈ ਹਾਂ।”
“ ਦਰਸ਼ੀ, ਫਿਰ ਵੀ ਤੇਰੀ ਸੱਸ ਚੰਗੀ ਆ।” ਜੀਤੀ ਨੇ ਗਰਿਲ ਵਾਲਾ ਕੱਪੜਾ ਸੈਨੋਟਾਈਜ਼ਰ ਵਾਲੇ ਭਾਂਡੇ ਵਿਚ ਰੱਖਦੇ ਕਿਹਾ, “ਤੇਰੇ ਕੰਮ ਤੇ ਆਉਣ ਮਗਰੋਂ ਜਿਹੜੀ ਤੇਰੀ ਕੁੜੀ ਨੂੰ ਸੰਭਾਲ ਲੈਂਦੀ ਏ।”
“ ਹੂੰ।” ਦਰਸ਼ੀ ਨੇ ਹੂੰ ਇਸ ਤਰਾਂ ਕਿਹਾ ਜਿਵੇ ਉਸ ਦਾ ਮਤਲਵ ਹੋਵੇ ਉਹ ਹੀ ਜਾਣਦੀ ਹੋਵੇ ਕਿ ਉਸ ਨੂੰ ਕਿੰਨਾ ਅਹਿਸਾਨ ਝੱਲਣਾ ਪੈਂਦਾ ਏ। ਉਸ ਦਾ ਦਿਲ ਕਰੇ ਕਿ ਉਹ ਜੀਤੀ ਨੂੰ ਦੱਸੇ ਕਿ ਕਿਵੇ ਉਹ ਸਵੇਰੇ ਚਾਰ ਵਜੇ ਉੱਠ ਕੇ ਘਰ ਦਾ ਸਾਰਾ ਕੰਮ ਮੁਕਾ ਕੇ ਆਉਂਦੀ ਏ,ਪਰ ਡਰ ਗਈ ਫਿਰ ਸਹੁਰੇ ਕਹਿਣਗੇ ਕਿ ਘਰ ਦੀਆਂ ਗੱਲਾਂ ਬਾਹਰ ਜਾ ਕੇ ਕਰਦੀ ਹੈ। ਵੈਸੇ ਵੀ ਸਾਢੇ ਚਾਰ ਵੱਜ ਗਏ ਸਨ। ਉਸ ਨੇ ਸਿੰਕ ਉੱਪਰ ਜਾ ਕੇ ਹੱਥ ਧੋਤੇ, ਦੋ ਚਾਰ ਘੁੱਟ ਪਾਣੀ ਦੇ ਵੀ ਪੀਤੇ। ਸਿਧੀ ਲੰਚ ਰੂਮ ਨੂੰ ਤੁਰ ਪਈ। ਉੱਥੋਂ ਆਪਣਾ ਲੰਚ ਵਾਲਾ ਭਾਂਡਾ ਚੁੱਕਿਆ ਅਤੇ ਕਵਰਡ ਵਿਚੋਂ ਆਪਣਾ ਪਰਸ ਚੁੱਕ ਕੇ ਉਸ ਵਿਚ ਪਾ ਲਿਆ। ਉਦੋਂ ਹੀ ਜੀਤੀ ਵੀ ਉੱਥੇ ਆ ਗਈ ਅਤੇ ਕਹਿਣ ਲੱਗੀ, “ ਚੱਲ, ਮੈਂ ਤੈਂੰਨੂੰ ਛੱਡ ਦੇਵਾਂਗੀ ਕਿੱਥੇ ਤੂੰ ਬਸਾਂ ਵਿੱਚ ਧੱਕੇ ਖਾਂਦੀ ਫਿਰੇਗੀ।”
“ ਕੋਈ ਨਹੀ ਮੈਂ ਬਸ ਵਿਚ ਚਲੇ ਜਾਣਾ ਏ।” ਦਰਸ਼ੀ ਨੇ ਕੰਮ ਵਾਲੇ ਬੂਟ ਉਤਾਰਦਿਆਂ ਅਤੇ ਘਰ ਵਾਲੀ ਜੁੱਤੀ ਪਾਉਂਦੇ ਕਿਹਾ, “ਮੇਰੇ ਕਰਕੇ ਤੂੰ ਵੀ ਲੇਟ ਹੋਵੇਗੀ।”
“ ਨਹੀ, ਮੈਂ ਨਹੀ ਲੇਟ ਹੁੰਦੀ।” ਜੀਤੀ ਨੇ ਕਾਰ ਦੀਆਂ ਚਾਬੀਆਂ ਪਰਸ ਵਿਚੋਂ ਕੱਢਦੇ ਕਿਹਾ, “ ਅੱਜ ਤਾਂ ਠੰਡ ਵੀ ਬਹੁਤ ਆ।”
ਕਾਰ ਵਿਚ ਬੈਠਦੇ ਸਾਰ ਹੀ ਜੀਤੀ ਨੇ ਪੂਰੀ ਹੀਟ ਛੱਡ ਲਈ ਅਤੇ ਰੇਡਿਉ ਔਨ ਕਰ ਲਿਆ।ਰੇਡਿਉ ਦੀ ਹੋਸਟ ਨੇ ਬਹੁਤ ਹੀ ਪਿਆਰ ਭਰੀ ਅਵਾਜ਼ ਵਿਚ ਕਿਹਾ, ‘ ਅੱਜ ਦਾ ਵਿਸ਼ਾ ਹੈ ਸੱਸਾ ਨੂੰਹਾਂ ਵਿਚ ਮਾਵਾਂ-ਧੀਆਂ ਵਰਗਾ ਪਿਆਰ ਹੋ ਸਕਦਾ ਹੈ’ ਆਪਣੇ ਆਪਣੇ ਵਿਚਾਰ ਦਿਉ ਜੀ।”
“ ਤਾਂ ਹੀ ਹੋ ਸਕਦਾ ਹੈ ਜੇ ਸੱਸਾਂ ਨੂੰਹਾਂ ਨੂੰ ਆਪਣੀਆਂ ਕੁੜੀਆਂ ਸਮਝਣ ਅਤੇ ਨੂੰਹਾਂ ਆਪਣੀਆਂ ਸੱਸਾਂ ਨੂੰ ਮਾਂਵਾ।” ਦਰਸ਼ੀ ਨੇ ਕਿਹਾ, “ ਪਰ ਇਸ ਤਰਾਂ ਹੋਣਾ ਹੈ ਮੁਸ਼ਕਲ।”
“ਮੈਂ ਤਾਂ ਇਹ ਦੇਖਿਆ।” ਜੀਤੀ ਨੇ ਖੱਬੇ ਹੱਥ ਕਾਰ ਮੋੜਦਿਆਂ ਕਿਹਾ, “ ਜਿਹੜੀਆਂ ਨੂੰਹਾਂ ਆਪਣੀਆਂ ਸੱਸਾਂ ਨੂੰ ਮਾਂਵਾ ਸਮਝਣ ਦਾ ਜਤਨ ਕਰਦੀਆਂ ਏ , ਉਹ ਸੱਸਾਂ ਨਹੀ ਧੀਆਂ ਸਮਝਦੀਆਂ।”
“ ਜਿਹੜੀਆਂ ਸੱਸਾਂ ਨੂੰਹਾਂ ਨੂੰ ਧੀਆਂ ਸਮਝਣ ਦਾ ਜਤਨ ਕਰਦੀਆਂ, ਉਹ ਨੂੰਹਾਂ ਨਹੀ ਸਮਝਦੀਆਂ।” ਦਰਸ਼ੀ ਨੇ ਜੀਤੀ ਦਾ ਵਾਕ ਪੂਰਾ ਕੀਤਾ।”
“ਦਰਸ਼ੀ, ਮੈਂਨੂੰ ਸੱਚੋ ਸੱਚ ਦੱਸ?” ਜੀਤੀ ਨੇ ਸਵਾਲ ਪਾਇਆ, “ ਤੂੰ ਕਦੀ ਕੋਸ਼ਿਸ਼ ਕਰਦੀ ਏ ਆਪਣੀ ਸੱਸ ਨੂੰ ਮਾਂ ਸਮਝਣ ਦੀ।”
“ ਤੂੰ ਇਸ ਬਾਰੇ ਨਾ ਹੀ ਪੁੱਛ ਤਾਂ ਚੰਗਾ ਏ।” ਦਰਸ਼ੀ ਨੇ ਉਦਾਸ ਅਵਾਜ਼ ਵਿੱਚ ਕਿਹਾ, “ ਜਿੰਨੀ ਮੈਂ ਕੋਸ਼ਿਸ਼ ਕੀਤੀ ਸ਼ਾਇਦ ਹੀ ਕਿਸੇ ਕੁੜੀ ਨੇ ਕੀਤੀ ਹੋਵੇ, ਘਰ ਦਾ ਸਾਰਾ ਕੰਮ ਕਰਕੇ ਆਉਂਦੀ ਹਾਂ, ਜਾ ਕੇ ਫਿਰ ਕਰਦੀ ਆਂ, ਮੱਮੀ ਮੱਮੀ ਕਰਦੀ ਰਹਿੰਦੀ ਆਂ, ਪਰ ਉਹ ਫਿਰ ਵੀ ਸਿੱਧੇ ਮੂੰਹ ਨਹੀ ਬੋਲਦੀ।”
“ ਤੂੰ ਉਹਨੂੰ ਪੁੱਛ ਲੈਣਾ ਸੀ ਕਿ ਮੱਮੀ ਤੁਸੀ ਮੇਰੇ ਨਾਲ ਇਸ ਤਰਾਂ ਕਿਉਂ ਕਰਦੇ ਹੋ?”
“ ਇਹ ਵੀ ਜਤਨ ਕੀਤਾ ਸੀ।” ਦਰਸ਼ੀ ਨੇ ਦੱਸਿਆ, “ ਅੱਗੋ ਬਹੁਤ ਹੀ ਗੁੱਸੇ ਭਰੀ ਅਵਾਜ਼ ਵਿਚ ਬੋਲੀ, ਮੈਂ ਕੀ ਤੇਰੇ ਨਾਲ ਕਰਦੀ ਹਾਂ।”
“ ਫਿਰ?”
ਮੈਂ ਕਿਹਾ, “ ਮੈਂ ਤਾਂ ਤਹਾਨੂੰ ਆਪਣੀ ਮਾਂ ਸਮਝਦੀ ਹਾਂ ਤਾਂ ਆਪਣੀ ਛਾਤੀ ਵਿਚ ਹੱਥ ਹੱਥ ਮਾਰ ਮਾਰ ਕੇ ਕਹਿਣ ਲੱਗੀ, ਮੈਂ ਤੇਰੀ ਸੱਸ ਹਾਂ ਸੱਸ।”
“ ਉ ਮਾਈ ਗੋਡ।” ਜੀਤੀ ਨੇ ਕਿਹਾ, “ ਮੇਰੀ ਮਾਮੀ ਦੀ ਨੂੰਹ ਕੈਨੇਡਾ ਦੀ ਜੰਮੀ-ਪਲੀ ਆ, ਉਹ ਆਪਣੇ ਹੀ ਮਤੇ ਵਿਚ ਰਹਿੰਦੀ ਆ, ਆਪਣੀ ਮਰਜ਼ੀ ਕਰਦੀ ਆ ਫਿਰ ਵੀ ਮਾਮੀ ਵਿਚਾਰੀ ਪੁੱਤ, ਪੁੱਤ ਕਰਦੀ ਰਹਿੰਦੀ ਆ।”
“ ਬਸ ਇਸ ਤਰਾਂ ਹੀ ਸਾਰਿਆਂ ਦਾ ਚਲੀ ਜਾਂਦਾ।”
“ ਮੇਰੀ ਸੱਸ ਉਸ ਤਰਾਂ ਤਾਂ ਠੀਕ ਆ।” ਜੀਤੀ ਆਪਣੇ ਬਾਰੇ ਆਪ ਹੀ ਦੱਸਣ ਲੱਗੀ, “ ਪਰ ਇਕ ਗੱਲ ਨਹੀ ਮੈਂਨੂੰ ਉਹਦੀ ਚੰਗੀ ਲੱਗਦੀ,ਸਾਰੀ ਟੇਕ-ਕੇਅਰ ਅਸੀ ਉਹਨਾਂ ਦੀ ਕਰਦੇ, ਰਹਿੰਦੇ ਵੀ ਸਾਡੇ ਨਾਲ ਹੀ, ਦਿਉਰ ਵੱਲ ਕਦੇ ਇਕ ਰਾਤ ਵੀ ਨਹੀ ਕੱਟੀ, ਲੇਕਿਨ ਸਾਰਾ ਦਿਨ ਗੁਣ ਦਿਉਰ ਅਤੇ ਦਿਰਾਨੀ ਦੇ ਗਾਂਉਂਦੇ ਕਿ ਉਹ ਬਹੁਤ ਚੰਗੇ ਆ।”
“ ਇਸ ਤਰਾਂ ਹੀ ਹੁੰਦਾ ਆ, ਦੂਰ ਦੇ ਢੋਲ ਸੁਹਾਣੇ ਹੀ ਲੱਗਦੇ ਹੁੰਦੇ ਆ।”ਦਰਸ਼ੀ ਨੇ ਹੱਥ ਨਾਲ ਇਸ਼ਾਰਾ ਕਰਦੇ ਕਿਹਾ, “ ਇਥੋਂ ਹੀ ਸੱਜੇ ਹੱਥ ਮੁੜ ਜਾ,ਮੈਨੂੰ ਛੱਡ ਕੇ ਕਾਰ ਮੋੜਨੀ ਸੋਖੀ ਹੋ ਜਾਵੇਗੀ।”
ਦਰਸ਼ੀ ਨੇ ਚਾਬੀ ਨਾਲ ਦਰਵਾਜ਼ਾ ਖੋਲਿਆ ਹੀ ਸੀ ਕੀ ਉਸ ਨੂੰ ਉਪਰੋਂ ਆਵਾਜ਼ਾ ਸੁਣੀਆਂ। ਉਸ ਨੇ ਹੌਲੀ ਅਜਿਹੀ ਦਰਵਾਜ਼ਾ ਬੰਦ ਕੀਤਾ ਅਤੇ ਉੱਥੇ ਹੀ ਖਲੋ ਗਈ।
“ ਸਾਥੋਂ ਨਹੀ ਤੇਰੀ ਕੁੜੀ ਸਾਂਭ ਹੁੰਦੀ।” ਸੱਸ ਆਪਣੇ ਪੁੱਤ ਹੱਲਵੀ ਨੂੰ ਕਹਿ ਰਹੀ ਸੀ, “ ਅਪਹਾਜ਼ ਕੁੜੀ ਨਾਲੋ ਨਾ ਕੁਸ਼ ਜੰਮਦੀ ਤਾਂ ਚੰਗਾ ਸੀ।”
ਇਹ ਗੱਲ ਸੁਣ ਕੇ ਦਰਸ਼ੀ ਦਾ ਦਿਲ ਕੰਬਣ ਲੱਗ ਪਿਆ। ਉਹ ਆਪਣੇ ਕਾਲਜ਼ੇ ‘ਤੇ ਹੱਥ ਰੱਖ ਕੇ ਉੱਥੇ ਹੀ ਬੈਠ ਗਈ।
“ ਬਥੇੜਾ ਇਹਨੂੰ ਸਮਝਾ ਕੇ ਦੇਖ ਲਿਆ।” ਸਹੁਰਾ ਹੋਰ ਵੀ ਉੱਚੀ ਅਵਾਜ਼ ਵਿਚ ਬੋਲਿਆ, “ ਦਫਾ ਕਰ ਇਹਨੂੰ ਅਤੇ ਇਹਦੀ ਮਾਂ ਨੂੰ ਵੀ।”
“ ਕਿੱਥੇ ਦਫਾ ਕਰ ਦੇਵਾਂ।” ਹੱਲਵੀ ਵੀ ਉਹਨਾਂ ਦੀ ਹੀ ਤਰਜ਼ ਉੱਪਰ ਬੋਲਿਆ, “ ਮੇਰੀ ਤਾਂ ਆਪਣੀ ਜ਼ਿੰਦਗੀ ਨਰਕ ਬਣੀ ਹੋਈ ਆ।”
“ ਆਉਂਦੀ ਦੇ ਦੋ-ਚਾਰ ਲਾ ਦਿਆ ਕਰ।” ਸੱਸ ਨੇ ਸੁਝਾਅ ਦਿੱਤਾ, “ ਉਹਨੇ ਆਪ ਹੀ ਦਫਾ ਹੋ ਜਾਣਾ।”
“ ਉਹ ਪੜ੍ਹੀ ਲਿਖੀ ਆ।ਪੁਲੀਸ ਨੂੰ ਫੋਨ ਕਰ ਦਿੱਤਾ ਤਾਂ ਅਗਲਿਆਂ ਬਿੰਦ ਨਹੀ ਲਾਉਣੀ ਮੈਂਨੂੰ ਅੰਦਰ ਕਰਨ ਵਿਚ।”
“ ਉਸ ਦਿਨ ਵੀ ਤਾਂ ਤੂੰ ਉਸ ਦੇ ਵੱਟ ਕੇ ਮਾਰੀ ਸੀ।” ਸਹੁਰਾ ਪੁਰਾਣੀ ਘਟਨਾ ਯਾਦ ਕਰਾਉਣ ਲੱਗਾ, “ ਜਿਦਨ ਤੇਰੀ ਮਾਂ ਨਾਲ ਉਸ ਦੀ ਲੜਾਈ ਹੋਈ ਸੀ, ਰੋ ਰੂ ਕੇ ਬੜਸਹੋਣੀ ਹੋ ਗਈ ਸੀ।”
“ ਮੈ ਤਾਂ ਆਪ ਭੈਣ… ਤੰਗ ਆਇਆ ਹੋਇਆਂ ਹਾਂ।” ਹੱਲਵੀ ਇਕ ਤਰਾਂ ਚੀਕਆ, “ ਮਾਂਈ ਜ… ਸਾਰਾ ਟੈਮ ਆ ਜਨੌਰ ਜਿਹਾ ਸਾਭਣ ਉੱਪਰ ਲਾ ਦਿੰਦੀ, ਮੇਰਾ ਤਾਂ ਉਸ ਨੂੰ ਖਿਆਲ ਵੀ ਨਹੀ ਰਹਿੰਦਾ ਕਿ ਮੈਂ ਵੀ ਉਸ ਨਾਲ ਵਿਆਹਿਆਂ ਹੋਇਆਂ ਆਂ।”
ਇਹ ਸਾਰੀਆਂ ਗੱਲਾਂ ਦਰਸ਼ੀ ਦਾ ਬੁਰਾ ਹਾਲ ਕਰ ਰਹੀਆਂ ਸਨ।ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਸ ਦਾ ਅੰਗ ਅੰਗ ਦਰਦ ਕਰਨ ਲੱਗ ਪਿਆ। ਉਸ ਨੂੰ ਇਨਾਂ ਤਾਂ ਪਤਾ ਸੀ ਕਿ ਉਸ ਨੂੰ ਇਸ ਘਰ ਵਿਚ ਕੋਈ ਬਹੁਤਾ ਪਸੰਦ ਨਹੀ ਕਰਦਾ, ਪਰ ਇਨਾਂ ਨਹੀ ਸੀ ਪਤਾ ਕਿ ਉਸ ਦੀ ਅਪਹਾਜ਼ ਧੀ ਲਈ ਵੀ ਇਸ ਘਰ ਅੰਦਰ ਨਫਰਤ ਫੈਲੀ ਹੋਈ ਹੈ।ਪਹਿਲਾਂ ਤਾਂ ਉਸ ਦਾ ਦਿਲ ਕੀਤਾ ਕਿ ਉਹ ਉਹਨਾਂ ਨਾਲ ਸਿਧੀ ਟੱਕਰ ਲੈ ਹੀ ਲਵੇ, ਪਰ ਉਸ ਵਿੱਚ ਉੱਠਣ ਦੀ ਹਿੰਮਤ ਨਹੀ ਪਈ॥
“ ਤੂੰ ਇਹਨਾਂ ਨੂੰ ਕੱਢਣ ਦੀ ਕਰ।” ਸੱਸ ਥੌੜ੍ਹੀ ਜਿਹੀ ਧੀਮੀ ਅਵਾਜ਼ ਵਿਚ ਬੋਲੀ, “ ਕੱਲ ਨੂੰ ਪਰੀ ਵਰਗੀ ਕੁੜੀ ਤੈਨੂੰ ਵਿਆਹੂ।”
“ ਇੰਡੀਆਂ ਹੀ ਜਾਣਾ ਪਊ ਫਿਰ।” ਹੱਲਵੀ ਪੁੱਛਣ ਲੱਗਾ, “ ਮਾਂਈ ਜ…ਡੀਵੋਰਸ ਵੀ ਦਵੇ ਤਾਂ ਹੀ ਜਾ ਹਊ।”
ਕੁੜਰਤਣ ਭਰੀਆਂ ਗੱਲਾਂ ਦੀਆਂ ਨੋਕਾਂ ਦਰਸ਼ੀ ਦੀਆਂ ਅੱਖਾਂ ਵਿਚੋਂ ਪਾਣੀ ਕੱਢਣ ਲੱਗੀਆਂ।ਰੋਂਦੀ ਹੋਈ ਆਪਣੇ ਅਤੀਤ ਵੱਲ ਪਹੁੰਚੀ ਕਿਵੇ ਉਸ ਆਪਣੀ ਪੜ੍ਹਾਈ ਪੂਰੀ ਕਰਦਿਆਂ ਆਪਣੀ ਅਤੇ ਘਰਦਿਆਂ ਦੀ ਇੱਜ਼ਤ ਦਾ ਧਿਆਨ ਰੱਖਿਆ।ਸਹੁਰਿਆਂ ਨੇ ਨਾਲ ਉਸ ਦੇ ਪਤੀ ਨ ਵੀ ਕਦੀ ਦਰਸ਼ੀ ਨੂੰ ਮਿਲੀ ਡਿਗਰੀ ਦੀ ਕਦਰ ਨਾ ਪਾਈ।ਮਾਪਿਆ ਨੇ ਵੀ ਵਿਆਹ ਵੇਲੇ ਸਿਰਫ ਕੈਨੇਡਾ ਹੀ ਦੇਖੀ।ਦਰਸ਼ੀ ਨੂੰ ਆਪਣੇ ਆਪ ਉੱਪਰ ਵੀ ਗੁੱਸਾ ਆਇਆ ਕਿਵੇ ਉਸ ਨੇ ਮਾਪਿਆਂ ਅਤੇ ਸੋਹਰਿਆਂ ਦੇ ਹਰ ਫੈਂਸਲੇ ਨੂੰ ਅੱਜ ਤਕ ਸਤ ਬਚਨ ਹੀ ਕਿਹਾ।
“ ਸਾਨੂੰ ਪਤਾ ਹੁੰਦਾ ਕਿ ਇਸ ਨੇ ਅਪਹਾਜ਼ ਕੁੜੀ ਜੰਮਣੀ ਆ ਤਾਂ ਅਸੀ ਇਸ ਨੂੰ ਵਿਅਹਾਂਦੇ ਨਾ।” ਦਰਸ਼ੀ ਦਾ ਸਹੁਰਾ ਕੜਕ ਕੇ ਆਪਣੇ ਪੁੱਤ ਨੂੰ ਬੋਲਿਆ, “ ਅੱਜ ਆਉਂਦੀ ਦੇ ਹੀ ਦੋ ਟਿਕਾ ਦੇਵੀਂ, ਉਸ ਤਰਾਂ ਇਸ ਨੇ ਤੇਰਾ ਪਿੱਛਾ ਨਹੀ ਛੱਡਣਾ।” ਇਸ ਉੱਚੀ ਅਵਾਜ਼ ਨੇ ਦਰਸ਼ੀ ਨੂੰ ਝੰਜੋੜ ਦਿੱਤਾ।ਦਾਦੀ ਵਲੋਂ ਦਿੱਤੀ ਮੱਤ ‘ ਪੁੱਤ ਸਹੁਰੇ ਘਰ ਨਿਮਰਤਾ ਵਿਚ ਰਹੀਦਾ, ਸੱਸ-ਸਹੁਰਾ ਮਾਂ ਪਿਉ ਹੀ ਹੁੰਦੇ ਆ’ ਉਸ ਨੂੰ ਚੇਤੇ ਆਈ। ਉਸ ਦਾ ਦਿਲ ਕਰੇ ਕਿ ਉਹ ਉੱਚੀ ਦੇਣੀ ਆਪਣੀ ਮਰੀ ਹੋਈ ਦਾਦੀ ਨੂੰ ਅਵਾਜ਼ ਮਾਰੇ ਅਤੇ ਆਖੇ ਕਿ ਤੂੰ ਮੈਂਨੂੰ ਤਾਂ ਇਹ ਹੀ ਮੱਤ ਦੇਈ ਗਈ ਕਿ ਬੀਬੀ ਬਣ ਕੇ ਸੁਹਰਿਆਂ ਦੇ ਰਹੀ, ਕਿਤੇ ਸਹੁਰਿਆਂ ਨੂੰ ਵੀ ਦੱਸ ਜਾਂਦੀ ਕਿ ਨੁੰਹੂ ਨੂੰ ਆਪਣੀ ਧੀ ਸਮਝਣ ਅਤੇ ਉਸ ਦੇ ਗੁਣਾ ਦੀ ਕਦਰ ਕਰਨ।ਦਾਦੀ ਨੂੰ ਚੇਤੇ ਕਰਨ ਨਾਲ ਉਸ ਵਿੱਚ ਇਕ ਹਿੰਮਤ ਅਜਿਹੀ ਆਈ।ਉਹ ਇੱਕਦਮ ਨਾਲ ਝਟਕੇ ਨਾਲ ਉੱਠੀ। ਤੇਜ਼ ਰਫਤਾਰ ਨਾਲ ਪੌੜੀਆਂ ਚੜ੍ਹਦੀ ਰਸੋਈ ਵਿਚ ਜਾ ਖਲੋਤੀ।
“ ਕੁੜੇ, ਤੂੰ ਕਦੋਂ ਆਈ।” ਉਸ ਦੀ ਸੱਸ ਨੇ ਹੈਰਾਨੀ ਨਾਲ ਉਸ ਵੱਲ ਦੇਖ ਕੇ ਕਿਹਾ, “ ਚੱਲ ਆ ਗਈ ਤਾਂ ਸਾਂਭ ਆਪਣੀ ਕੁੜੀ, ਮੈਂਨੂੰ ਤਾਂ ਛੁੱਟੀ ਮਿਲੇ।”
“ ਤੈਂਨੂੰ ਛੁੱਟੀ ਸਦਾ ਲਈ ਹੀ ਮਿਲ ਜਾਵੇਗੀ।” ਦਰਸ਼ੀ ਨੇ ਤੁਸੀ ਤੋਂ ਸਿਧਾ ਤੂੰ ਵੱਲ ਜਾਂਦੇ ਕਿਹਾ, “ ਤੂੰ ਫਿਕਰ ਨਾ ਕਰ।”
“ ਤੂੰ ਬੋਲਦੀ ਕਿਦਾਂ ਏ।” ਸੁਹਰਾ ਕਿਚਨ ਦੇ ਟੇਬਲ ਉੱਪਰ ਕੁਝ ਖਾਂਦਾ ਬੋਲਿਆ, “ ਕੁਝ ਤਾਂ ਸ਼ਰਮ ਕਰ ਤੇਰੀ ਬਿਮਾਰ ਕੁੜੀ ਸਾਂਭਦੀ ਆ ਸਾਰਾ ਦਿਨ।
“ ਕੁੜੀ ਤੁਹਾਡੀ ਵੀ ਕੁਝ ਲੱਗਦੀ ਆ।” ਦਰਸ਼ੀ ਨੇ ਸਿਧਾ ਕਿਹਾ, “ ਜੋ ਤੁਸੀ ਅੱਜ ਗੱਲਾਂ ਕਰ ਰਹੇ ਸੀ, ਮੈਂ ਸਭ ਸੁਣ ਲਈਆਂ ਨੇ।”
“ ਸਾਨੂੰ ਤੇਰਾ ਡਰ ਨਹੀ ਮਾਰਿਆ ਜੇ ਤੂੰ ਸੁਣ ਲਈਆਂ ਤਾਂ।” ਸੱਸ ਨੇ ਹੋਰ ਵੀ ਉੱਚੀ ਅਵਾਜ਼ ਵਿੱਚ ਕਿਹਾ, “ ਅਸੀ ਤੇਰੇ ਮੂੰਹ ਉੱਤੇ ਵੀ ਕਹਿਣ ਨੂੰ ਤਿਆਰ ਆਂ, ਗੰਦਿਆਂ ਦੀ ਜਣੀਏ।”
ਪੇਕਿਆਂ ਦੇ ਖਿਲਾਫ ਗੱਲਾਂ ਕੋਈ ਵੀ ਕੁੜੀ ਘੱਟ ਹੀ ਸੁਣਦੀ ਆ। ਦਰਸ਼ੀ ਨੂੰ ਹੋਰ ਵੀ ਗੁੱਸਾ ਚੜ੍ਹ ਗਿਆ, ਉਹ ਸੱਸ ਵਾਲੀ ਤਰਜ਼ ‘ਤੇ ਹੀ ਬੋਲੀ, “ ਹੁਣ ਮੈਂ ਤੁਹਾਡਾ ਹੋਰ ਬਕਵਾਸ ਨਹੀ ਸੁੱਣਨਾ।”
ਇਹਨਾਂ ਹੀ ਕਹਿਣ ਦੀ ਦੇਰ ਸੀ ਹੱਲਵੀ ਗੋਲੀ ਵਾਂਗੂ ਕਮਰੇ ਵਿਚੋਂ ਆਇਆ। ਆਉਂਦੇ ਨੇ ਉੱਪਰੋਂ-ਥਲੀ ਦਰਸ਼ੀ ਦੇ ਦੜੈਂਗ ਦੜੈਂਗ ਕਰਕੇ ਦਰਸ਼ੀ ਦੇ ਜੜ ਦਿੱਤੀਆਂ।ਦਰਸ਼ੀ ਫੋਨ ਵੱਲ ਨੂੰ ਦੌੜੀ ਤਾਂ ਸੱਸ ਤਾਂ ਸੋਹਰਾ ਦੋਨੋ ਇਕ ਇਕ ਫੋਨ ਹੱਥਾਂ ਵਿਚ ਘੁੱਟੀ ਖੜੇ ਦਿਸੇ।ਪਰਸ ਵਿਚੋਂ ਆਪਣਾ ਸਲੈਰ ਫੋਨ ਲੱਭਦੀ ਉੱਚੀ ਉੱਚੀ ਦਰਸ਼ੀ ਰੌਂਦੀ ਬੋਲ ਰਹੀ ਸੀ, “ ਜੈਸੀ ਕੋਕੋ ਤੈਸਾ ਬੱਚਾ, ਜਿਸ ਤਰਾਂ ਤੁਸੀ ਮੇਰੇ ਨਾਲ ਕਰ ਰਹੇ ਹੋ ਇਕ ਦਿਨ ਰੱਬ ਨੇ ਲੇਖਾ ਲਵੇਗਾ।”
ਲਿਵਇੰਗ ਰੂਮ ਵਿਚ ਪਈ ਰੋਂਦੀ ਕੁੜੀ ਦੀ ਅਵਾਜ਼ ਦਰਸ਼ੀ ਦੇ ਕੰਨਾਂ ਵਿਚ ਪਈ ਤਾਂ ਉਹ ਸਾਰਾ ਕੁਝ ਭੁੱਲ ਕੇ ਉਧਰ ਨੂੰ ਦੌੜ ਪਈ।ਉਸ ਨੇ ਕੁੜੀ ਨੂੰ ਕੰਬਲ ਵਿਚ ਲੇਪਟਿਆ ਅਤੇ ਕੋਲ ਪਿਆ ਪਰਸ ਗਲੇ ਵਿਚ ਪਾ ਪੋੜ੍ਹੀਆਂ ਉਤਰ ਕੇ ਬਾਹਰ ਨਿਕਲ ਗਈ।ਦਰਸ਼ੀ ਨੂੰ ਕੁਝ ਵੀ ਪਤਾ ਨਹੀ ਸੀ ਕਿ ਉਸ ਨੇ ਕਿੱਥੇ ਜਾਣਾ ਹੈ।ਦੁ ਕੁ ਹੀ ਘਰ ਲੰਘੀ ਤਾਂ ਉਸ ਨੂੰ ਪਿਛੋਂ ਅਵਾਜ਼ ਸੁਣੀ, “ ਧੀਏ, ਕਿਧਰ ਜਾ ਰਹੀ ਏ।” ਉਸ ਨੇ ਪਿੱਛੇ ਦੇਖਿਆ ਤਾਂ ਉਹ ਹੀ ਆਂਟੀ ਸੀ, ਜਿਸ ਨੂੰ ਕੰਮ ‘ਤੇ ਜਾਣ ਲੱਗਿਆ ਉਹ ਸਤਿ ਸ੍ਰੀ ਅਕਾਲ ਬੁਲਾਉਂਦੀ ਹੁੰਦੀ ਆ।ਦਰਸ਼ੀ ਉੱਥੇ ਹੀ ਰੁੱਕ ਆਂਟੀ ਵੱਲ ਦੇਖਣ ਲੱਗੀ। “ ਆ ਜਾ ਧੀਏ, ਘਰ ਨੂੰ।” ਆਂਟੀ ਉਸ ਵੱਲ ਆਉਂਦੀ ਕਹਿ ਰਹੀ ਸੀ, “ ਅੱਗੇ ਤਾਂ ਕੰਮ ਉੱਪਰ ਜਾਣ ਦੀ ਕਾਹਲ ਹੁੰਦੀ ਆ, ਅੱਜ ਆ ਜਾ ਤੈਨੂੰ ਚਾਹ ਪੀਲਾਵਾਂ।” ਆਂਟੀ ਉਸ ਦੇ ਕੋਲ ਗਈ ਤਾਂ ਦਰਸ਼ੀ ਰੋਣ ਲੱਗ ਪਈ।ਆਂਟੀ ਉਸ ਦੀ ਬਾਂਹ ਫੜ੍ਹ ਕੇ ਆਪਣੇ ਬੇਸਮਿੰਟ ਵਿਚ ਲੈ ਗਈ।ਦਰਸ਼ੀ ਨੇ ਜਾਂਦਿਆਂ ਹੀ ਕੁੜੀ ਨੂੰ ਬੇਸਮਿੰਟ ਦੀ ਨਿੱਘੀ ਰਗ ਉੱਪਰ ਪਾ ਦਿੱਤਾ ਅਤੇ ਆਪ ਰੋ ਰੋ ਆਂਟੀ ਨੂੰ ਸਟੋਰੀ ਦੱਸਣ ਲੱਗੀ।ਆਂਟੀ ਨੇ ਚਾਹ ਨਾਲ ਉਸ ਨੂੰ ਧਰਵਾਸ ਵੀ ਦਿੱਤਾ ਤਾਂ ਦਰਸ਼ੀ ਕੁਝ ਆਪਣੇ-ਆਪ ਵਿਚ ਆਈ। ਪਰਸ ਵਿਚੋਂ ਫੋਨ ਕੱਢ ਕੇ ਘੰਮਾਉਣ ਲੱਗੀ ਤਾਂ ਦੇਖਿਆ ਕਿ ਫੋਨ ਦੀ ਬੈਟਰੀ ਮਰੀ ਪਈ ਆ।“ ਆਂਟੀ ਮੈਂਨੂੰ ਫੋਨ ਦਿਉਂਗੇ ਮੈਂ ਪੁਲੀਸ ਨੂੰ ਫੋਨ ਕਰਨਾ।”
“ ਛੱਡ ਧੀਏ,ਪੁਲੀਸ ਨੂੰ ਫੋਨ ਕਹਾਦੇ ਲਈ ਕਰਨਾ,ਪੁਲੀਸ ਨੇ ਕੀ ਕਰ ਲੈਣਾ।” ਆਂਟੀ ਕਹਿਣ ਲੱਗੀ, “ ਪੁਲੀਸ ਨੂੰ ਸੱਦੇਗੀ ਤਾਂ ਤੇਰੀ ਵੀ ਬਦਨਾਮੀ ਹੋਵੇਗੀ ਅਤੇ ਤੇਰੇ ਸੁਹਰਿਆਂ ਦੀ ਵੀ, ਮਾੜੀਆਂ ਮੋਟੀਆਂ ਲੜਾਈਆਂ ਘਰਾਂ ਵਿਚ ਹੁੰਦੀਆਂ ਹੀ ਰਹਿੰਦੀਆਂ ਨੇ,ਸਹੁਰੇ ਹੋਰ ਤੇਰੇ ਪੇਸ਼ ਪੈਣਗੇ।”
“ ਮੈਂ ਉਹਨਾਂ ਨਾਲ ਰਹਿਣਾਂ ਹੀ ਨਹੀ, ਪੁਲੀਸ ਨੇ ਮੇਰੇ ਪੇਸ਼ ਕੀ ਪੈਣਾ।”
“ ਫਿਰ ਤੂੰ ਕਿੱਥੇ ਰਹੇਗੀ?” ਆਂਟੀ ਨੇ ਉਸ ਦੀ ਕੰਢ ਉੱਪਰ ਹੱਥ ਫੇਰਦੇ ਕਿਹਾ, “ ਚੱਲ, ਮੈਂ ਚੱਲਦੀ ਹਾਂ ਤੇਰੇ ਨਾਲ।”
ਆਂਟੀ ਦਰਸ਼ੀ ਨੂੰ ਸਮਝਾ- ਮੁਨਾ ਕੇ ਨਾਲ ਲੈ ਸਹੁਰਿਆਂ ਦੇ ਘਰ ਵੱਲ ਨੂੰ ਤੁਰ ਪਈ।ਸਹੁਰੇ ਆਂਟੀ ਨਾਲ ਇਸ ਤਰਾਂ ਪੇਸ਼ ਆਏ ਜਿਵੇਂ ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਦਿਖਾਣ ਨੂੰ ਹੋਰ।ਆਂਟੀ ਨੂੰ ਯਕੀਨ ਆ ਗਿਆ ਕਿ ਸਹੁਰੇ ਇੰਨੇ ਮਾੜੇ ਨਹੀ ਜਿੰਨੇ ਦਰਸ਼ੀ ਨੂੰ ਲੱਗਦੇ ਆ।ਸੱਸ ਨੇ ਤਾਂ ਕਹਿ ਵੀ ਦਿੱਤਾ, “ ਭੈਣ ਜੀ, ਇਸ ਰੱਬ ਦੀ ਬੰਦੀ ਨੂੰ ਅਸੀ ਤਾਂ ਇਕ ਵਾਰੀ ਵੀ ਨਹੀ ਕਿਹਾ ਕਿ ਤੂੰ ਘਰੋਂ ਜਾਹ।” ਗੱਲ ਕੀ ਜੀ ਆਂਟੀ ਉਹਨਾਂ ਦਾ ਨਾ ਹੋਇਆਂ ਨਾਲਦਾ ਸਮਝੋਤਾ ਕਰਵਾ ਘਰ ਮੁੜ ਆਈ।
ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਭਾਵੇ ਕਟੀਏ ਪੋਰੀਆਂ ਪੋਰੀਆਂ ਜੀ। ਸੁਹਰਿਆਂ ਦਾ ਸਲੂਕ ਦਰਸ਼ੀ ਨਾਲ ਅੱਗੇ ਨਾਲੋ ਵੀ ਮਾੜਾ ਹੋ ਗਿਆ।ਦਰਸ਼ੀ ਨੇ ਵੀ ਸਾਰੀਆਂ ਗੱਲਾਂ ਕੰਮ ਉੱਪਰ ਜੀਤੀ ਨੂੰ ਦੱਸ ਦੇਣੀਆਂ। ਦਰਸ਼ੀ ਦੀਆਂ ਗੱਲਾਂ ਸੁਣ ਕੇ ਜੀਤੀ ਨੇ ਕਹਿ ਵੀ ਦਿੱਤਾ, “ ਤੂੰ ੳੱਥੋਂ ਨਿਕਲਣ ਦੀ ਕਰ, ਇਦਾ ਦੇ ਲੋਕਾਂ ਦਾ ਕੀ ਪਤਾ, ਹੋਰ ਤੈਨੂੰ ਵੱਢ-ਵੁਢ ਸੁਟਣ।”
“ ਫਿਰ ਮੈਂ ਕਰਾਂ।”
“ ਹੌਲੀ ਹੌਲੀ ਆਪਣੇ ਗਹਿਣੇ ਅਤੇ ਕੀਮਤੀ ਕੱਪੜੇ ਕੱਢ ਲਾ।”
“ ਮੈਂ ਗਹਿਣੇ- ਕੱਪੜੇ ਸਿਰ ਚ ਮਾਰਨੇ।” ਦਰਸ਼ੀ ਨੇ ਦੁੱਖੀ ਹੋ ਕੇ ਕਿਹਾ, “ ਜਦੋਂ ਜ਼ਿੰਦਗੀ ਹੀ ਦੁੱਖੀ ਹੋ ਗਈ।”
“ ਢਹਿੰਦੀ ਕਲਾਂ ਵਾਲੀਆਂ ਗੱਲਾਂ ਮੇਰੇ ਕੋਲ ਨਾ ਕਰ।” ਜੀਤੀ ਨੇ ਇਕ ਤਰਾਂ ਦਬਕਾ ਮਾਰ ਕੇ ਕਿਹਾ, “ਕੱਲ੍ਹ ਨੂੰ ਕੰਮ ਉੱਪਰ ਆਉਂਦੀ ਹੋਈ ਆਪਣੇ ਸਾਰੇ ਗਹਿਣੇ ਲੈ ਆਈ, ਮੇਰੀ ਸਹੇਲੀ ਹੈ ਇਕ ਸ਼ੋਸ਼ਲਵਰਕਰ, ਉਸ ਨਾਲ ਗੱਲ ਕਰਕੇ ਤੈਂਨੂੰ ਰੀਸੋਰਸ ਸੈਂਟਰ ਵਿਚ ਕਮਰਾ ਦਿਵਾ ਦੇਂਦੀ ਹਾਂ।”
ਦਰਸ਼ੀ ਨੂੰ ਜੀਤੀ ਦੀਆਂ ਗੱਲਾਂ ਵਿਚ ਦਮ ਲੱਗਾ।ਇਸ ਤਰਾਂ ਇਕ ਦਿਨ ਉਹ ਚੁੱਪ-ਚਾਪ ਬੇਸਹਾਰਾ ਔਰਤਾ ਦੇ ਘਰ ਵਿਚ ਆ ਗਈ।ਸਹੁਰਿਆਂ ਲਈ ਬਿੱਲੀ ਭਾਣੇ ਛਿਕਾ ਟੁਟਾ ਸੀ। ਉਹਨਾਂ ਦੀ ਤਾਂ ਉਹ ਹੀ ਗੱਲ ਹੋ ਗਈ ਸੀ ਨਾ ਹਿੰਗ ਲੱਗੀ ਨਾ ਫਟਕੜੀ ਰੰਗ ਵੀ ਚੌਖਾ ਆ ਗਿਆ।ਦਰਸ਼ੀ ਨੂੰ ਉੱਥੇ ਚੰਗੀ ਸਹਾਇਤਾ ਮਿਲ ਗਈ।ਕੁੜੀ ਲਈ ਵੀ ਸਰਵਿਸ ਮਿਲ ਗਈ।ਦਰਸ਼ੀ ਨੇ ਉੱਥੇ ਰਹਿ ਕੇ ਕੋਰਸ ਵੀ ਕਰ ਲਿਆ।ਦਰਸ਼ੀ ਦਾ ਉਸ ਸ਼ਹਿਰ ਵਿਚ ਕੋਈ ਵੀ ਰਿਸ਼ਤੇਦਾਰ ਨਹੀ ਸੀ। ਜਿਹੜੇ ਸਨ ਉਹਨਾਂ ਨੇ ਵੀ ਦਰਸ਼ੀ ਨਾਲੋ ਜਾਂ ਦਰਸ਼ੀ ਨੇ ਉਹਨਾਂ ਨਾਲੋ ਨਾਤਾ ਤੋੜ ਲਿਆ ਸੀ।ਕੋਰਸ ਕਰਨ ਨਾਲ ਉਸ ਨੂੰ ਜੋਬ ਵੀ ਚੰਗੀ ਮਿਲ ਗਈ।ਹੱਲਵੀ ਨਾਲ ਡੀਬੋਰਸ ਵੀ ਹੋ ਗਿਆ।
ਥੌੜੇ ਦਿਨਾ ਬਾਅਦ ਜੀਤੀ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਾ ਚੁਕਿਆ। ਵਾਰ ਵਾਰ ਫੋਨ ਕਰਨ ਤੇ ਵੀ ਜਦੋਂ ਜੀਤੀ ਦੀ ਦਰਸ਼ੀ ਨਾਲ ਗੱਲ ਨਾ ਹੋਈ ਤਾਂ, ਤਾਂ ਉਹ ਉਸ ਨੂੰ ਮਿਲਣ ਤੁਰ ਪਈ।ਜਿਸ ਥਾਂ ‘ਤੇ ਦਰਸ਼ੀ ਰਹਿੰਦੀ ਸੀ, ਉਹ ਤਾਂ ਸੁੰਨੀ ਪਈ ਸੀ। ਗੁਆਢਣ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ, “ ਇਕ ਦਿਨ ਸਵੇਰੇ ਹੀ ਮੈਂ ਟੈਕਸੀ ਦੇਖੀ, ਉਸ ਵਿਚ ਟੈਕਸੀ ਵਾਲਾ ਭਾਈ ਸਮਾਨ ਰੱਖ ਰਿਹਾ ਸੀ, ਉਹ ਦਿਨ ਗਿਆ ਤੇ ਆ ਦਿਨ ਆ ਗਿਆ ਮੈਂ ਨਹੀ ਉਸ ਨੂੰ ਮੁੜ ਕੇ ਦੇਖਿਆ।”
ਨਿਰਾਸ਼ ਹੋਈ ਜੀਤੀ ਮੁੜ ਕੇ ਜਾਂਦੀ ਸੋਚ ਰਹੀ ਸੀ, ਉਹ ਕਿੱਥੇ ਗਈ ਹੋਵੇਗੀ, ਫਿਰ ਸ਼ੱਕ ਕਰਦੀ ਕਿਤੇ ਹੋਰ ਹੀ ਨਾ ਸੁਹਰਿਆਂ ਨੇ ਕੋਈ ਚਾਲ ਖੇਡੀ ਹੋਵੇ।
ਮਹੀਨੇ ਬੀਤ ਗਏ,ਪਰ ਦਰਸ਼ੀ ਅਤੇ ਜੀਤੀ ਦੀ ਕੋਈ ਗੱਲ ਨਾ ਹੋਈ।ਪਿਛਲੀਆਂ ਗਰਮੀ ਦੀਆਂ ਛੁੱਟੀਆਂ ਵਿਚ ਜੀਤੀ ਬੱਚਿਆਂ ਨੂੰ ਲੈ ਕੇ ਆਪਣੀ ਭੈਣ ਕੋਲ ਗਈ।ਬੱਚਿਆਂ ਨੂੰ ਘੁੰਮਾਉਂਦੀਆ ਖ੍ਰੀਦਦਾਰੀ ਕਰਦੀਆਂ ਜਦੋਂ ਥੱਕ ਗਈਆਂ ਤਾਂ ਖਾਣ ਲਈ ਇਕ ਰੈਸਟੋਰੈਂਟ ਵਿਚ ਚਲੀਆਂ ਗਈਆਂ। ਅਚਾਨਕ ਹੀ ਜੀਤੀ ਦੀ ਨਜ਼ਰ ਲਾਈਨ ਦੇ ਸਭ ਤੋਂ ਪਿੱਛਲੇ ਮੇਜ਼ ਉੱਪਰ ਗਈ ਤਾਂ ਉਸ ਨੂੰ ਲੱਗਾ ਜਿਵੇ ਦਰਸ਼ੀ ਬੈਠੀ ਹੋਵੇਗੀ, ਪਰ ਉਸ ਨਾਲ ਤਾਂ ਵੱਡੀ ਉਮਰ ਦੀ ਗੋਰੀ ਅਤੇ ਇਕ ਜ਼ੁਬਾਨ ਉਮਰ ਦਾ ਗੋਰਾ ਬੈਠਾ ਹੈ।ਬੇਸ਼ੱਕ ਦਰਸ਼ੀ ਨੇ ਆਪਣਾ ਫੈਸ਼ਨ ਸਟਾਈਲ ਬਦਲਿਆ ਹੋਇਆ ਸੀ, ਫਿਰ ਜੀਤੀ ਨੂੰ ਪਤਾ ਲੱਗ ਗਿਆ ਕਿ ਉਹ ਦਰਸ਼ੀ ਹੀ ਹੈ। ਉਸ ਨੇ ਆਪਣੀ ਭੈਣ ਨੂੰ ਵੀ ਦੱਸਿਆ, “ ਉਹ ਪਿੱਛੱਲੇ ਟੇਬਲ ਉੱਪਰ ਜੋ ਕੁੜੀ ਬੈਠੀ ਆ ਉਹ ਦਰਸ਼ੀ ਆ।”
“ ਦਰਸ਼ੀ ਕੌਣ।” ਭੈਣ ਨੇ ਪਿੱਛਲੇ ਮੇਜ਼ ਵੱਲ ਝਾਕ ਕੇ ਕਿਹਾ।
“ ਮੇਰੇ ਨਾਲ ਕੰਮ ਕਰਦੀ ਸੀ।”
“ ਉਹਨੇ ਵੀ ਤੈਂਨੂੰ ਦੇਖ ਹੀ ਲਿਆ ਹੋਣਾ।” ਭੈਣ ਨੇ ਕਿਹਾ,” ਛੱਡ ਪਰੇ, ਜੇ ਤੇਰੇ ਕੋਲ ਆਈ ਤਾਂ ਸਤਿ ਸ੍ਰੀ ਅਕਾਲ ਬੁਲਾ ਦੇਵੀ।”
ਪਰ ਜੀਤੀ ਕੋਲ ਰਿਹਾ ਨਹੀ ਗਿਆ, ਉਹ ਉੱਠੀ ਤਾਂ ਸਿਧੀ ਦਰਸ਼ੀ ਦੇ ਮੇਜ਼ ਕੋਲ ਜਾ ਖਲੋਤੀ। ਦਰਸ਼ੀ ਜੀਤੀ ਨੂੰ ਦੇਖ ਕੇ ਹੈਰਾਨ ਰਹਿ ਗਈ।ਉਹ ਭਰਿਆ ਚਮਚਾ ਪਲੇਟ ਵਿਚ ਛੱਡ ਇਕਦਮ ਉੱਠੀ ਅਤੇ ਜੀਤੀ ਨੂੰ ਆਪਣੀ ਗੱਲਵੱਕੜੀ ਵਿਚ ਲੈ ਲਿਆ। ਫਿਰ ਗੋਰੇ ਵੱਲ ਹੱਥ ਕਰਕੇ ਕਹਿਣ ਲੱਗੀ,” ਦਿਸ ਇਜ਼ ਮਾਈ ਹਾਸਬੈਂਡ।” ਜੀਤੀ ਨੇ ਉਪਰੇ ਅਜਿਹੇ ਮਨ ਨਾਲ ਉਸ ਨੂੰ ਹਾਏ ਕਿਹਾ।ਕੋਲ ਬੈਠੀ ਗੋਰੀ ਜੀਤੀ ਨੂੰ ਵੇਖ ਕੇ ਮੁਸਕ੍ਰਾਈ ਤਾਂ ਦਰਸ਼ੀ ਬੋਲੀ, “ ਸ਼ੀ ਇਜ਼ ਮਾਈ ਮਦਰ-ਇਨ ਲਾਅ।”
ਥੌੜ੍ਹੀ ਹੀ ਦੇਰ ਬਾਅਦ ਦਰਸ਼ੀ ਦਾ ਗੋਰਾ ਹਾਸਬੈਂਡ ਅਤੇ ਸੱਸ ਕੁੜੀ ਦੀ ਵੀਲਚਿਅਰ ਲੈ ਕੇ ਚਲੇ ਗਏ ਜਾਂ ਜਾਣ ਕੇ ਮੌਕਾ ਦੇ ਗਏ ਕਿ ਦੋਵੇਂ ਸਹੇਲੀਆਂ ਗੱਲਾਂ ਕਰ ਲੈਣ।
“ ਇਹ ਸਾਰਾ ਕੁਝ ਕਿਵੇ ਹੋ ਗਿਆ?” ਦਰਸ਼ੀ ਨੇ ਕਿਹਾ, “ ਤੂੰ ਤਾਂ ਦੱਸਿਆ ਵੀ ਨਹੀ ਕਿ ਤੂੰ ਇਸ ਸ਼ਹਿਰ ਵਿਚ ਮੂਵ ਹੋ ਗਈ।”
“ ਦੱਸਣਾ ਕੀ ਸੀ, ਜਦੋਂ ਦਾ ਹੱਲਵੀ ਨਾਲ ਡੀਵੋਰਸ ਕੀਤਾ,ਲੋਕਾਂ ਦੀਆਂ ਉਂਗਲੀਆਂ ਮੇਰੇ ਵੱਲ ਹੀ ਸਿਧੀਆਂ ਉੱਠਦੀਆਂ ਸਨ। ਇਥੇ ਕੰਮ ਤੇ ਹੀ ਮੇਰੇ ਨਾਲ ਜੈਕ ਕੰਮ ਕਰਦਾ ਸੀ।ਉਸ ਦਾ ਅਤੇ ਉਸ ਦੀ ਮਾਮ ਦਿਲ ਬਹੁਤ ਹੀ ਦਇਆ ਭਰਿਆ ਹੈ, ਜਦੋਂ ਵੀ ਮੈਂਨੂੰ ਲੋੜ ਪੈਂਦੀ ਮੇਰੀ ਬੱਚੀ ਦੀ ਸੰਭਾਲ ਕਰਦੇ।ਹੌਲੀ ਹੌਲੀ ਅਸੀ ਇਕ ਦੂਜੇ ਦੇ ਲਾਗੇ ਆ ਗਏ ਅਤੇ ਵਿਆਹ ਕਰ ਲਿਆ।”
“ ਤੈਂਨੂੰ ਡਰ ਨਹੀ ਲੱਗਿਆ ਕਿ ਸਮਾਜ ਜਾਂ ਰਿਸ਼ਤੇਦਾਰ ਕੀ ਕਹਿਣਗੇ?” ਜੀਤੀ ਨੇ ਫਿਕਰ ਜਿਹੇ ਨਾਲ ਪੁੱਛਿਆ, “ਤੇਰੇ ਪੇਰੈਂਟਸ ਕੀ ਸੋਚਦੇ ਹੋਣਗੇ, ਜਿਹੜੇ ਤੈਂਨੂੰ ਕਾਲਜ ਭੇਜਣ ਤੋਂ ਵੀ ਡਰਦੇ ਸਨ।”
“ ਪੇਰੈਂਟਸ ਨੇ ਤਾਂ ਦਹਾਜੂ ਅਵਾਰਾ ਕੈਨੇਡੀਅਨ ਮੁੰਡੇ ਨਾਲ ਵਿਆਹ ਕੇ ਆਪਣਾ ਫਰਜ਼ ਪੂਰਾ ਕਰ ਦਿੱਤਾ ਸੀ।” ਦਰਸ਼ੀ ਨੇ ਗੁੱਸੇ ਵਿਚ ਕਿਹਾ, “ ਰਿਸ਼ਤੇਦਾਰਾਂ ਨੇ ਤਲਾਕ ਹੁੰਦੇ ਹੀ ਮੂੰਹ ਫੇਰ ਲਏ ਸਨ ਕਿਤੇ ਕੋਈ ਹੈਲਪ ਨਾ ਮੰਗ ਲਵੇ, ਤੇਰੇ ਇਸ ਸਮਾਜ ਵਿਚ ਕੋਈ ਬੰਦਾ ਐਸਾ ਨਹੀ ਜਿਹੜਾ ਅਪਹਾਜ਼ ਬੱਚੀ ਦੀ ਛੁਟੜ ਮਾਂ ਨਾਲ ਵਿਆਹ ਕਰੇਗਾ ਜਾਂ ਉਸ ਨੂੰ ਇੱਜ਼ਤ ਦੇਵੇਗਾ, ਜੇ ਤੂੰ ਕਿਸੇ ਨੂੰ ਜਾਣਦੀ ਤਾਂ ਦੱਸ?”
“ ਪੰਜਾਬ ਤੋਂ ਸ਼ਾਇਦ ਕੋਈ ਮਿਲ ਜਾਂਦਾ।” ਜੀਤੀ ਨੇ ਹੌਲੀ ਅਜਿਹੀ ਕਿਹਾ, “ ਇੱਥੇ ਤਾਂ ਮੁਸ਼ਕਲ ਹੀ ਸੀ।”
“ ਹਾਂ, ਪੰਜਾਬ ਤੋਂ ਕੈਨੇਡਾ ਆਉਣ ਲਈ ਵਿਆਹ ਕਰ ਲੈਂਦਾ।” ਦਰਸ਼ੀ ਨੇ ਸਿਧਾ ਹੀ ਕਿਹਾ, “ ਫਿਰ ਇੱਥੇ ਆ ਕੇ ਛੱਡ ਦਿੰਦਾਂ।”
“ ਗੱਲ ਤਾਂ ਤੇਰੀ ਠੀਕ ਹੈ।” ਜੀਤੀ ਨੇ ਸਹਿਮਤੀ ਪ੍ਰਗੱਟ ਕੀਤੀ, “ ਆਪਣੇ ਲੋਕੀ ਕਰਦੇ ਤਾਂ ਇਸ ਤਰਾਂ ਹੀ ਹੈ।”
“ ਜੈਕ ਅਤੇ ਉਸ ਦੀ ਮਾਮ ਮੇਰੀ ਕੁੜੀ ਦੀ ਸੇਵਾ ਪੁੰਨ ਸਮਝ ਕੇ ਕਰਦੇ ਨੇ ਅਤੇ ਕਹਿੰਦੇ ਨੇ ਇਹ ਤਾ ਕੁਦਰਤ ਦੀ ਕਰਨੀ ਆ, ਐਨੀਵੇ ਹੁਣ ਮੈਂ ਬਹੁਤ ਖੁਸ਼ ਹਾਂ।”
“ ਵਿਆਹ ਤਾਂ ਹੱਲਵੀ ਨੇ ਵੀ ਕਰਵਾ ਲਿਆ।” ਜੀਤੀ ਨੇ ਦੱਸਿਆ, “ ਬਹੁਤ ਸੁੱਨਖੀ ਕੁੜੀ ਇੰਡੀਆਂ ਤੋਂ ਲੈ ਕੇ ਆਇਆ।”
“ ਅੱਛਾ।” ਦਰਸ਼ੀ ਨੇ ਲੰਮਾ ਸਾਹ ਖਿਚ ਕੇ ਕਿਹਾ, “ ਫਿਰ ਤਾਂ ਉਹ ਵੀ ਬਹੁਤ ਖੁਸ਼ ਹੋਣਗੇ।”
“ ਸਵਾਹ ਖੁਸ਼ ਆ।” ਦਰਸ਼ੀ ਨੇ ਦੱਸਿਆ, “ ਅਗਲੀ ਨੇ ਟੰਗੇ ਪਏ ਆ, ਪਤਾ ਲੱਗਾ ਕਿ ਹੁਣ ਤਾਂ ਰਿਸ਼ਤੇਦਾਰਾਂ ਕੋਲ ਰੋਂਦੇ ਰਹਿੰਦੇ ਆ ਕਿ ਕਿਥੋਂ ਅਸੀ ਇਹ ਗਦੂਤ ਵਿਆਹ ਲਿਆਂਦੀ, ਹੱਲਵੀ ਨਾਲ ਅਤੇ ਉਸ ਦੇ ਮਾਂ-ਬਾਪ ਨਾਲ ਉਹ ਚਲਾਕੀਆਂ ਖੇਡਦੀ ਹੈ ਕਿ ਉਹਨਾਂ ਦੇ ਹੱਥ ਖੱੜੇ ਆ ਉਸ ਦੇ ਸਾਹਮਣੇ।”
“ ਜੈਸੀ ਕਰਨੀ ਤੈਸੀ ਭਰਨੀ।” ਦਰਸ਼ੀ ਨੇ ਸੁੱਖ ਦਾ ਸਾਹ ਲੈ ਕੇ ਕਿਹਾ, “ ਮੈਂ ਤਾਂ ਕਹਿੰਨੀ ਕਿ ਉਹ ਉਹਨਾਂ ਨੂੰ ਇਨਾ ਦੁਖੀ ਕਰੇ ਕਿ ਉਹ ਮੈਂਨੂੰ ਯਾਦ ਕਰਨ।”
“ ਉਹ ਤਾ ਲੋਕਾਂ ਨੂੰ ਕਹਿੰਦੇ ਫਿਰਦੇ ਆ ਅਸੀ ਇਕ ਭਲੀਮਾਨਸ ਨੂੰ ਤੰਗ ਕੀਤਾ ਤਾਂ ਹੀ ਸਾਨੂੰ ਇਹ ਸਭ ਭੁਗਤਨਾ ਪਿਆ।” ਦਰਸ਼ੀ ਨੇ ਦੱਸਿਆ, “ ਹੱਲਵੀ ਦੀ ਮਾਂ ਦਾ ਹਾਲ ਤਾਂ ਦੇਖਣ ਵਾਲਾ ਆ, ਅੱਖਾ ਵਿਚ ਘਸੁੰਨ ਦੇ ਦੇ ਰੋਂਦੀ ਆ।”
“ ਜੈਸੇ ਕੋ ਤੈਸਾ ਮਿਲ ਤਾਂ ਵਧੀਆ ਰਹਿੰਦਾ ਆ।” ਦਰਸ਼ੀ ਨੇ ਗੁੱਸੇ ਵਿਚ ਕਿਹਾ, “ ਨਾਲੇ ਮੈਂ ਹੁਣ ਹੱਲਵੀ ਦੀ ਮਾਂ ਦਾ ਹਾਲ ਕੀ ਦੇਖਣਾ, ਹੁਣ ਜੱਗ ਦੇਖੇ ਜਾਂ ਰੱਬ ਦੇਖੇ।”
ੳਦੋਂ ਹੀ ਜੀਤੀ ਦੀ ਭੈਣ ਉੱਠ ਕੇ ਉਹਨਾਂ ਕੋਲ ਆ ਗਈ। ਦੋਨੋ ਸਹੇਲੀਆਂ ਫਿਰ ਮਿਲਣ ਦਾ ਵਾਅਦਾ ਕਰਕੇ ਫਿਰ ਵਿਛੜ ਗਈਆਂ।
ਜੈਸੇ ਕੋ ਤੈਸਾ
April 7, 2016
by: ਅਨਮੋਲ ਕੌਰ
by: ਅਨਮੋਲ ਕੌਰ
This entry was posted in ਕਹਾਣੀਆਂ.
Heart touching